ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 4 ਜੂਨ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਬਲਾਕ ਪੱਖੋਵਾਲ ਦੇ ਪਿੰਡ ਫੱਲੇਵਾਲ, ਢੈਪਈ ਅਤੇ ਚਮਿੰਡਾ ਵਿਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਚਰਨਜੀਤ ਸਿੰਘ, ਦਰਸ਼ਨ ਸਿੰਘ ਫੱਲੇਵਾਲ ਅਤੇ ਪਰਮਜੀਤ ਸਿੰਘ ਕੋਟ-ਆਗਾ ਨੇ ਕਿਹਾ ਕਿ ਖੇਤੀ ਦੇ ਸਾਮਰਾਜੀ ਅਤੇ ਕਾਰਪੋਰੇਟ ਮਾਡਲ ਨੂੰ ਹਰੇ ਇਨਕਲਾਬ ਦਾ ਨਾਂ ਦੇ ਕੇ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਨੇ ਪੰਜਾਬ ਦੇ ਅੰਮ੍ਰਿਤ ਵਰਗੇ ਪਾਣੀ ਨੂੰ ਜ਼ਹਿਰ ਬਣਾ ਦਿੱਤਾ ਹੈ ਅਤੇ ਦੋਸ਼ ਵੀ ਕਿਸਾਨਾਂ ਸਿਰ ਹੀ ਮੜ੍ਹ ਕੇ ਖ਼ੁਦ ਸੁਰਖ਼ਰੂ ਹੋ ਗਏ ਹਨ। ਵਿਸ਼ਵ ਵਪਾਰ ਸੰਸਥਾ ਵੱਲੋਂ ਪਾਣੀ ਉੱਪਰ ਕਾਬਜ਼ ਹੋ ਕੇ ਪਾਣੀ ਦਾ ਉਜਾੜਾ ਹੀ ਨਹੀਂ ਕੀਤਾ ਸਗੋਂ ਸਨਅਤੀ ਪ੍ਰਦੂਸ਼ਣ ਅਤੇ ਨਦੀਨ-ਨਾਸ਼ਕਾਂ ਅਤੇ ਕੀੜੇਮਾਰ ਜ਼ਹਿਰਾਂ ਨਾਲ ਪੰਜਾਬ ਨੂੰ ਬਿਮਾਰੀਆਂ ਦਾ ਕੇਂਦਰ ਅਤੇ ਜ਼ਰਖੇਜ਼ ਧਰਤੀ ਨੂੰ ਬੰਜਰ ਬਣਾ ਕੇ ਰੱਖ ਦਿੱਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ 1967 ਵਿੱਚ ਹਰੀ ਕ੍ਰਾਂਤੀ ਦੇ ਨਾਂ ਹੇਠ ਪੰਜਾਬ ਸਮੇਤ ਦੇਸ਼ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ। ਪੰਜਾਬ ਵਿੱਚ ਘੱਟ ਬਾਰਸ਼ ਦੇ ਬਾਵਜੂਦ ਸਾੜ੍ਹਸਤੀ ਵਾਲੀ ਝੋਨੇ ਦੀ ਫ਼ਸਲ ਸਾਡੇ ਸਿਰ ਮੜ੍ਹ ਦਿੱਤੀ ਗਈ। ਲੋਕ-ਪੱਖੀ ਖੇਤੀ ਵਿਗਿਆਨੀਆਂ ਵੱਲੋਂ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਦੇ ਬੁਰੇ ਪ੍ਰਭਾਵ ਬਾਰੇ ਸੁਚੇਤ ਕਰਨ ਦੇ ਬਾਵਜੂਦ ਸਰਕਾਰਾਂ ਨੇ ਇਸ ਖੇਤੀ ਮਾਡਲ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਅਤੇ ਵਾਤਾਵਰਨ ਬਚਾਉਣ ਦੀ ਮੁਹਿੰਮ ਤਹਿਤ ਬਲਾਕ ਦੇ ਸਾਰੇ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਅਤੇ ਸਾਂਝੀਆਂ ਥਾਵਾਂ ਉੱਪਰ 6 ਜੂਨ ਤੋਂ 10 ਜੂਨ ਤੱਕ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ।
ਪਾਇਲ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਵੱਖ ਵੱਖ ਪਿੰਡਾਂ ਲੈਹਿਲ, ਜੋਗੀ ਮਾਜਰਾ, ਰਾਮਗੜ੍ਹ ਸਰਦਾਰਾਂ, ਸੀਹਾਂਦੌਦ, ਚੋਮੋ ਅਤੇ ਟਿੰਬਰਵਾਲ ਵਿਖੇ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਪਾਣੀ ਦੇ ਪੱਧਰ ਦਾ ਹੇਠਾਂ ਜਾਣਾ ਅਤੇ ਬਿਜਲੀ ਸੰਕਟ ਸੰਬੰਧੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।