ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਫਰਵਰੀ
ਭਾਕਿਯੂ ਏਕਤਾ ਉਗਰਾਹਾਂ ਦੇ ਵਫ਼ਦ ਨੇ ਜੁਆਇੰਟ ਪੁਲੀਸ ਕਮਿਸ਼ਨਰ ਦਿਹਾਤੀ ਰਵਚਰਨ ਸਿੰਘ ਬਰਾੜ ਨੂੰ ਮਿਲ ਕੇ ਭਾਜਪਾ ਉਮੀਦਵਾਰ ਐਸਆਰ ਲੱਧੜ ’ਤੇ ਹੋਏ ਹਮਲੇ ਸਬੰਧੀ ਗ੍ਰਿਫ਼ਤਾਰ ਪ੍ਰਧਾਨ ਜਗਮਿੰਦਰ ਸਿੰਘ ਰਾਜੂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕੀਤੀ ਹੈ।
ਵਫ਼ਦ ਨੇ ਪੁਲੀਸ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕਈ ਪਹਿਲੂ ਇਸ ਗ੍ਰਿਫ਼ਤਾਰੀ ਨੂੰ ਗ਼ਲਤ ਦਰਸਾ ਰਹੇ ਹਨ। ਕਿਸਾਨ ਆਗੂਆਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੁਆਇੰਟ ਕਮਿਸ਼ਨਰ ਨੇ 22 ਫਰਵਰੀ ਤੱਕ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰ ਕੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ। ਜਥੇਬੰਦੀ ਦੇ ਆਗੂ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਹੈ ਕਿ ਅੱਜ ਦੀ ਮੀਟਿੰਗ ਜੁਆਇੰਟ ਕਮਿਸ਼ਨਰ ਨੇ ਖ਼ੁਦ ਬੁਲਾਈ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਅਧਿਕਾਰੀਆਂ ਦੇ ਵਿਸ਼ਵਾਸ਼ ਦਿਵਾਉਣ ’ਤੇ ਜ਼ਿਲ੍ਹਾ ਆਗੂਆਂ ਨੇ 18 ਫਰਵਰੀ ਨੂੰ ਪੁਲੀਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਅੱਗੇ ਹੋਣ ਵਾਲੇ ਮੁਜ਼ਾਹਰੇ ਨੂੰ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਦਿੱਤੇ ਭਰੋਸੇ ਮੁਤਾਬਿਕ ਕਿਸਾਨ ਆਗੂ ਜਗਮਿੰਦਰ ਸਿੰਘ ਰਾਜੂ ਨੂੰ ਰਿਹਾਅ ਨਾ ਕੀਤਾ ਗਿਆ ਤੇ ਕੇਸ ਵਾਪਸ ਨਾ ਲਏ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਵਫ਼ਦ ਵਿੱਚ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਕੁਲਦੀਪ ਸਿੰਘ ਗੁੱਜਰਵਾਲ, ਬਲਵੰਤ ਸਿੰਘ ਘੁਡਾਣੀ, ਦਰਸ਼ਨ ਸਿੰਘ ਫੱਲੇਵਾਲ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਨੂਰਪੁਰਾ ਸ਼ਾਮਿਲ ਸਨ।