ਗੁਰਿੰਦਰ ਸਿੰਘ
ਲੁਧਿਆਣਾ, 31 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦਾ ਪੂਰਨ ਘਿਰਾਓ ਕਰਦਿਆਂ ਗੇਟਾਂ ਨੂੰ ਤਾਲੇ ਲਗਾ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਏਡੀਸੀ ਨੂੰ ਸ਼ਹੀਦਾਂ ਦੇ ਪਰਿਵਾਰਾਂ ਦੇ ਕੇਸਾਂ ਬਾਰੇ, ਖ਼ੁਦਕੁਸ਼ੀਆਂ ਦੀਆਂ ਲਿਸਟਾਂ ਬਾਰੇ ਅਤੇ ਕਿਸਾਨਾਂ ਨੂੰ 2-2 ਲੱਖ ਰੁਪਏ ਦੇਣ ਦੀਆਂ ਸੂਚੀਆਂ ਲੈਣ ਬਾਰੇ ਅਤੇ 5 ਏਕੜ ਤੋਂ ਉਪਰ ਜ਼ਮੀਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ ਦੀ ਸ਼ਰਤ ਖਤਮ ਕਰਨ ਬਾਰੇ ਮੰਗ ਪੱਤਰ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਅਤੇ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਟਾਲਮਟੋਲ ਦੀ ਨੀਤੀ ’ਤੇ ਚੱਲਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਦ ਤੱਕ ਮੰਨੀਆਂ ਹੋਈਆਂ ਮੰਗਾਂ ਲਾਗੂ ਲਈ ਨਹੀਂ ਕੀਤੀਆਂ ਜਾਂਦੀਆਂ, ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਧਰਨੇ ਦੌਰਾਨ ਕੁਲਦੀਪ ਸਿੰਘ ਗਰੇਵਾਲ, ਲਖਵੀਰ ਸਿੰਘ ਨਾਨੋਵਾਲ, ਬਲਵੰਤ ਸਿੰਘ ਘੁਡਾਣੀ, ਪਰਮਜੀਤ ਸਿੰਘ ਘਲੋਟੀ, ਹਾਕਮ ਸਿੰਘ ਜਰਗੜੀ, ਜਗਮੀਤਸਿੰਘ ਕਲਾੜ, ਰਾਜਿੰਦਰ ਸਿੰਘ ਸਿਆੜ, ਗੁਰਪ੍ਰੀਤ ਸਿੰਘ ਨੂਰਪੁਰਾ, ਯੁਵਰਾਜ ਸਿੰਘ ਘੁਡਾਣੀ, ਤੀਰਥ ਸਿੰਘ, ਸੁਖਪ੍ਰੀਤ ਸਿੰਘ ਮਾਜਰੀ ਅਤੇ ਹਰਜੀਤ ਕੌਰ ਨੇ ਵੀ ਸੰਬੋਧਨ ਕੀਤਾ।