ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਦਸੰਬਰ
ਆੜ੍ਹਤੀ ਐਸੋਸੀਏਸ਼ਨ ਜਗਰਾਉਂ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਇਕ ਸਾਲ ਤੋਂ ਲੰਮੇ ਸੰਘਰਸ਼ ’ਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂਆਂ ਦਾ ਅੱਜ ਸਨਮਾਨ ਕੀਤਾ।
ਇੱਥੋਂ ਦੀ ਨਵੀਂ ਦਾਣਾ ਮੰਡੀ ਵਿੱਚ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਕਲੇਰ ਅਤੇ ਪ੍ਰਧਾਨ ਕਨ੍ਹਈਆ ਲਾਲ ਬਾਂਕਾ ਦੀ ਅਗਵਾਈ ’ਚ ਭਾਰਤੀ ਕਿਸਾਨ ਯੂਨੀਅਨ ਦੇ ਜਗਰਾਉਂ, ਰਾਏਕੋਟ ਅਤੇ ਸੁਧਾਰ ਬਲਾਕਾਂ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਸਮਾਰੋਹ ’ਚ ਕਿਸਾਨ ਆਗੂਆਂ ਅਤੇ ਆੜ੍ਹਤੀਆਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਆੜ੍ਹਤੀਆਂ ਵੱਲੋਂ ਕਿਸਾਨ ਅੰਦਲਨ ਦੌਰਾਨ ਦਿੱਤੇ ਸਹਿਯੋਗ ਲਈ ਬੀਕੇਯੂ (ਰਾਜੇਵਾਲ) ਦੇ ਆਗੂ ਤਰਲੋਚਨ ਸਿੰਘ ਨੇ ਆੜ੍ਹਤੀਆਂ ਦਾ ਧੰਨਵਾਦ ਕੀਤਾ। ਅੱਜ ਸਨਮਾਨਤ ਕੀਤੇ ਕਿਸਾਨ ਆਗੂਆਂ ’ਚ ਬਲਾਕ ਪ੍ਰਧਾਨ ਤਰਲੋਚਨ ਸਿੰਘ ਤੋਂ ਇਲਾਵਾ ਪ੍ਰਧਾਨ ਸਿਕੰਦਰ ਸਿੰਘ, ਰਣਜੀਤ ਸਿੰਘ, ਖਜ਼ਾਨਚੀ ਦਲਜੀਤ ਸਿੰਘ, ਮਨਦੀਪ ਸਿੰਘ ਰਿੰਕੂ, ਬਲਾਕ ਸੁਧਾਰ ਪ੍ਰਧਾਨ ਰਣਬੀਰ ਸਿੰਘ, ਬਲਵੀਰ ਸਿੰਘ ਬੀਰਾ, ਜਗਮੇਲ ਸਿੰਘ ਰੂਮੀ ਆਦਿ ਸ਼ਾਮਲ ਸਨ। ਮੰਚ ਸੰਚਾਲਨ ਆੜ੍ਹਤੀ ਜਗਜੀਤ ਸਿੰਘ ਸਿੱਧੂ ਨੇ ਕੀਤਾ ਜਦਕਿ ਸਿਰੋਪੇ ਬਖਸ਼ਿਸ਼ ਕਰਨ ਦੀ ਸੇਵਾ ਆੜ੍ਹਤੀ ਐਸੋਸੀਏਸ਼ਨ ਦੇ ਸਰਪ੍ਰਸਤ ਅੰਮ੍ਰਿਤ ਲਾਲ ਮਿੱਤਲ ਅਤੇ ਜਨਰਲ ਸਕੱਤਰ ਜਤਿੰਦਰ ਸਿੰਘ ਚਚਰਾੜੀ ਨੇ ਸਾਂਝੇ ਤੌਰ ’ਤੇ ਨਿਭਾਈ।