ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਅਗਸਤ
ਇਥੇ 325 ਦਿਨ ਤੋਂ ਚੱਲ ਰਹੇ ਕਿਸਾਨ ਘੋਲ ’ਚ ਅੱਜ ਮੀਂਹ ਦੇ ਬਾਵਜੂਦ ਕਿਸਾਨਾਂ ਨੇ ਨਾਅਰਿਆਂ ਰਾਹੀਂ ਮੋਦੀ ਹਕੂਮਤ ਖ਼ਿਲਾਫ਼ ਰੋਹ ਦਾ ਪ੍ਰਗਟਾਵਾ ਕੀਤਾ। ਰੇਲਵੇ ਪਾਰਕ ’ਚ ਬਲਬੀਰ ਸਿੰਘ ਅਗਵਾੜ ਲੋਪੋਂ ਦੀ ਅਗਵਾਈ ’ਚ ਧਰਨੇ ’ਚ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਗਰਾਉਂ ’ਚ ਆਉਣ ’ਤੇ ਵਿਰੋਧ ਕੀਤਾ ਜਾਵੇਗਾ। ਉਸ ਦਿਨ ਸਾਰੇ ਬਲਾਕਾਂ ਦੇ ਪਿੰਡਾਂ ’ਚੋਂ ਕਿਸਾਨ ਮਜ਼ਦੂਰ ਕਾਲੇ ਝੰਡੇ ਵਿਖਾਉਣਗੇ। ਇਹੀ ਐਕਸ਼ਨ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਸਬੰਧੀ ਵੀ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਭਰ ਦੇ ਕਿਰਤੀ ਲੋਕਾਂ ਨੂੰ ਇਨ੍ਹਾਂ ਵੋਟ ਮੰਗਤੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਦੇਸ਼ ’ਚ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜ-ਪੱਖੀ ਹਦਾਇਤਾਂ ’ਤੇ ਲਿਆਉਣ ਅਤੇ ਲਾਗੂ ਕਰਨ ਵਾਲੀ ਕਾਂਗਰਸ ਪਾਰਟੀ ਹੈ। ਕਾਂਗਰਸ, ਅਕਾਲੀ ਅਤੇ ‘ਆਪ’ ਤਿੰਨੇ ਹੀ ਆਪਣੇ ਜਮਾਤੀ ਕਿਰਦਾਰ ਕਾਰਨ ਹਕੀਕਤ ’ਚ ਕਾਲੇ ਕਨੂੰਨਾਂ ਦੇ ਪੱਖ ’ਚ ਹਨ।
ਇਹ ਤਾਂ ਕਿਸਾਨ ਅੰਦੋਲਨ ਦਾ ਦਬਾਅ ਹੈ ਕਿ ਰਸਮ ਪੂਰਤੀ ਲਈ ਉਹ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪੁੱਛਣਗੇ ਕਿ ਕੀ ਇਹ ਸਿਆਸੀ ਪਾਰਟੀਆਂ ਲਿਖਤੀ ਇਕਰਾਰ ਕਰਨਗੀਆਂ ਕਿ ਹਕੂਮਤ ’ਚ ਆਉਣ ’ਤੇ ਉਹ ਸੰਸਾਰ ਵਪਾਰ ਸੰਸਥਾ ’ਚੋਂ ਬਾਹਰ ਆਉਣਗੇ। ਉਨ੍ਹਾਂ ਕਿਹਾ ਕਿ ਇਹ ਤਿੰਨੇ ਪਾਰਟੀਆਂ ਸਾਮਰਾਜ ਦੀਆਂ ਦਲਾਲ ਪਾਰਟੀਆਂ ਹਨ ਤੇ ਦੇਸ਼ ਦੇ ਸਰਕਾਰੀ ਅਦਾਰੇ ਦੇਸੀ ਵਿਦੇਸ਼ੀ ਸ਼ਾਹੂਕਾਰਾਂ ਨੂੰ ਵੇਚਣ ਦੇ ਹੱਕ ’ਚ ਹਨ। ਦੇਸ਼ ਭਰ ’ਚ ਸਰਕਾਰੀ ਅਦਾਰੇ ਕੋਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪਿਛਲੇ ਇਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ’ਚ ਇਨ੍ਹਾਂ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਿਹੜਾ ਸੰਘਰਸ਼ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਨ ਅਤੇ ਵੋਟ ਮੰਗਤਿਆਂ ਦਾ ਵਿਰੋਧ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਮਜ਼ਦੂਰ ਆਗੂ ਮਦਨ ਸਿੰਘ ਨੇ ਕਿਹਾ ਕਿ ਪੇਂਡੂ ਮਜ਼ਦੂਰ ਮੰਗਾਂ ਨੂੰ ਲੈ ਕੇ ਇਕ ਤੋਂ ਤਿੰਨ ਸਤੰਬਰ ਤੱਕ ਕਾਂਗਰਸੀ ਸੰਸਦ ਮੈਂਬਰ ਦੇ ਰਾਏਕੋਟ ਘਰ ਮੂਹਰੇ ਧਰਨਾ ਦੇਣਗੇ।
ਗੰਨੇ ਦੀ ਬਕਾਇਆ ਰਾਸ਼ੀ ਵਿਆਜ ਸਣੇ ਮੰਗੀ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਵਰ੍ਹਦੇ ਮੀਂਹ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਤਿੰਨ ਸਾਲ ਬਾਅਦ ਵੀ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਹੀਂ ਕਰਵਾ ਸਕੀ ਤਾਂ ਇਸ ਝੂਠੀ ਸਰਕਾਰ ਉੱਪਰ ਕਿਸਾਨ ਭਰੋਸਾ ਕਿਵੇਂ ਕਰ ਸਕਦੇ ਹਨ। ਆਗੂਆਂ ਨੇ ਖ਼ਰੀਦੇ ਗੰਨੇ ਦੇ ਬਕਾਏ ਸਮੇਤ ਵਿਆਜ ਤੁਰੰਤ ਗੰਨਾ ਉਤਪਾਦਕਾਂ ਨੂੰ ਅਦਾ ਕੀਤੇ ਜਾਣ ਦੀ ਮੰਗ ਕੀਤੀ ਹੈ। ਧਰਨੇ ਦੀ ਅਗਵਾਈ ਰਾਜਿੰਦਰ ਕੌਰ, ਅਮਨਦੀਪ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਖੰਡ ਮਿੱਲਾਂ ਦੇ ਮਾਲਕਾਂ ਵੱਲੋਂ ਤਿੰਨ ਸਾਲ ਪਹਿਲਾਂ ਖ਼ਰੀਦੇ ਕਿਸਾਨਾਂ ਦੇ ਗੰਨੇ ਦੇ ਪੈਸੇ ਅਜੇ ਤੱਕ ਨਹੀਂ ਦਿੱਤੇ ਗਏ, ਕਿਸਾਨ ਆਪਣਾ ਬਕਾਇਆ ਹਾਸਲ ਕਰਨ ਲਈ ਵੀ ਧਰਨੇ ਮਾਰਨ ਲਈ ਮਜਬੂਰ ਹਨ। ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋਂ, ਕੁਲਦੀਪ ਸਿੰਘ ਸੀਲੋਂ, ਨੌਜਵਾਨ ਆਗੂ ਮਨਜੀਤ ਸਿੰਘ ਗੁੱਜਰਵਾਲ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਮੋਹਣਜੀਤ ਸਿੰਘ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।