ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਅਗਸਤ
ਇਥੇ ਰੇਲਵੇ ਪਾਰਕ ’ਚ ਕਿਸਾਨ ਸੰਘਰਸ਼ ਮੋਰਚਾ ਅੱਜ 320ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਅਫ਼ਗਾਨਿਸਤਾਨ ਦੀ ਅਰਾਜਕਤਾ ਵਾਲੀ ਹਾਲਤ ’ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗਾਲਬਿ ਅਤੇ ਸਾਬਕਾ ਮੁਲਾਜ਼ਮ ਆਗੂ ਹਰਭਜਨ ਸਿੰਘ ਦੌਧਰ ਨੇ ਕਿਹਾ ਕਿ ਅਫ਼ਗਾਨਿਸਤਾਨ ਪਿਛਲੇ ਵੀਹ ਸਾਲ ’ਚ ਸੰਸਾਰ ਸਾਮਰਾਜ ਦੇ ਸਰਗਨੇ ਅਮਰੀਕਾ ਦੀ ਲੁੱਟ ਦਾ ਅੱਡਾ ਬਣਿਆ ਰਿਹਾ ਹੈ। ਅਮਰੀਕਾ ਨੇ ਚੀਨ ਤੇ ਰੂਸ ਦੀ ਚੌਧਰਾਹਟ ਦਾ ਟਾਕਰਾ ਕਰਨ ਲਈ ਆਪਣੀ ਕਠਪੁਤਲੀ ਬਣਾ ਕੇ ਅਫ਼ਗਾਨੀ ਲੋਕਾਂ ਦਾ ਘਾਣ ਕੀਤਾ। ਹੁਣ ਤਾਲਿਬਾਨ ਦੇ ਕਬਜ਼ੇ ਹੇਠ ਆਏ ਅਫ਼ਗਾਨੀ ਲੋਕ ਡਾਢੀ ਅਨਿਸ਼ਚਿਤਤਾ ’ਚੋਂ ਲੰਘਦੇ ਇਸ ਸਵਾਲ ਦੇ ਸਨਮੁਖ ਹਨ ਕਿ ਉਹ ਕਿਹੋ ਜਿਹਾ ਰਾਜ ਭਾਗ ਚਾਹੁੰਦੇ ਹਨ। ਉਂਝ ਤਾਲਿਬਾਨ ਨੇ ਜਿਸ ਦਲੇਰੀ ਤੇ ਕੌਮੀ ਜਜ਼ਬੇ ਨਾਲ ਸਾਮਰਾਜੀ ਤੇ ਕਠਪੁਤਲੀ ਫ਼ੌਜ ਦਾ ਮੁਕਾਬਲਾ ਕਰਕੇ ਅਮਰੀਕਾ ਨੂੰ ਡੂੰਘੀ ਨਮੋਸ਼ੀ ’ਚ ਸੁੱਟਿਆ ਹੈ ਇਹ ਅਮਰੀਕਾ ਦੀ ਵੱਡੀ ਹਾਰ ਹੈ। ਧਰਨਾਕਾਰੀਆਂ ਨੇ ਤਾਲਿਬਾਨ ਤੋਂ ਲੋਕਾਂ ਦੀਆਂ ਕੌਮੀ ਭਾਵਨਾਵਾਂ ਦਾ ਧਿਆਨ ਰੱਖਣ ਦੀ ਮੰਗ ਕਰਦਿਆਂ ਲੋਕਾਂ ਨੂੰ ਹਿਜਰਤ ਕਰਨ ਤੋਂ ਪਿਆਰ ਮੁਹੱਬਤ ਨਾਲ ਰੋਕਣ ਦੀ ਮੰਗ ਕੀਤੀ। ਉਨ੍ਹਾਂ ਇਸ ਮਸਲੇ ’ਤੇ ਮੋਦੀ ਹਕੂਮਤ ਵੱਲੋਂ ਕੋਈ ਵੀ ਬਿਆਨ ਨਾ ਦੇਣ ਨੂੰ ਸਿਰੇ ਦੀ ਮੌਕਾਪ੍ਰਸਤੀ ਅਤੇ ਸਾਮਰਾਜੀ ਚਾਕਰੀ ਕਰਾਰ ਦਿੱਤਾ। ਲੋਕ ਆਗੂ ਕੰਵਲਜੀਤ ਖੰਨਾ ਨੇ 15 ਅਗਸਤ ਲਾਲ ਕਿਲੇ ਤੋਂ ਮੋਦੀ ਦੇ ਦਿੱਤੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਆਜ਼ਾਦੀ ਦਿਵਸ ’ਤੇ ਪ੍ਰਧਾਨ ਮੰਤਰੀ ਪਾਖੰਡ ਕਰਨ ਤੋਂ ਬਾਜ਼ ਨਹੀਂ ਆਇਆ। ਧਰਨੇ ਦੀ ਮੰਚ ਸੰਚਾਲਨਾ ਜਗਦੀਸ਼ ਸਿੰਘ ਨੇ ਕੀਤੀ।