ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ 11ਵੀਂ ਬਰਸੀ ’ਤੇ ਅੱਜ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਧਰਨਾਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ। ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਰੇਲਵੇ ਪਾਰਕ ਵਿੱਚ ਚੱਲ ਰਹੇ ਧਰਨੇ ’ਚ ਬੋਲਦਿਆਂ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਅੱਜ ਦੇ ਦਿਨ ਗਿਆਰਾਂ ਵਰ੍ਹੇ ਪਹਿਲਾਂ ਰਾਜਪੁਰਾ ਪਟਿਆਲਾ ਰੋਡ ’ਤੇ ਆਪਣੀ ਪਤਨੀ ਸਣੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਬਲਕਾਰ ਸਿੰਘ ਡਕੌਂਦਾ ਦੀ ਘਾਟ ਕਿਸਾਨ ਲਹਿਰ ਦੇ ਉਭਾਰ ਸਮੇਂ ਬੁਰੀ ਤਰ੍ਹਾਂ ਰੜਕਦੀ ਹੈ। ਦਰਸ਼ਨ ਸਿੰਘ ਗਾਲਬਿ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਲੋਧੀਵਾਲ ਦੇ ਸ਼ਹੀਦ ਨੌਜਵਾਨ ਕਿਸਾਨ ਬਲਕਰਨ ਸਿੰਘ ਲੋਧੀਵਾਲ ਦੇ ਪੀੜਤ ਪਰਿਵਾਰ ਲਈ ਪੰਜ ਲੱਖ ਰੁਪਏ ਦਾ ਚੈੱਕ ਇਕ ਦੋ ਦਿਨ ’ਚ ਜਾਰੀ ਨਹੀਂ ਹੋਇਆ ਤਾਂ ਇਕ ਵਾਰ ਫੇਰ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ।
ਉਨ੍ਹਾਂ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਧਰਨੇ ’ਚ ਸਮੂਹ ਪਿੰਡ ਇਕਾਈਆਂ ਨੂੰ ਅਪੀਲ ਕੀਤੀ ਕਿ 17 ਜੁਲਾਈ ਨੂੰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਸੈਸ਼ਨ ਦੌਰਾਨ ਕਾਲੇ ਕਾਨੂੰਨ ਰੱਦ ਕਰਾਉਣ ਖਾਤਰ ਆਵਾਜ਼ ਉਠਾਉਣ ਲਈ ਚਿਤਾਵਨੀ ਪੱਤਰ ਦੇਣ ਜਾਣ ਲਈ ਰੇਲ ਪਾਰਕ ਜਗਰਾਉਂ ਵਿੱਚ ਹਰ ਪਿੰਡ ’ਚੋਂ ਪੰਜ-ਪੰਜ ਸਾਥੀ ਸਮੇਂ ਸਿਰ ਪੁੱਜਣ। ਇਥੋਂ ਕਾਫਲਾ ਬੰਨ੍ਹ ਕੇ ਮੈਂਬਰ ਪਾਰਲੀਮੈਂਟ ਕੋਲ ਜਾਇਆ ਜਾਵੇਗਾ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਲੁਧਿਆਣਾ-ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਅਤੇ ਕਿਲਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਲੜੀਵਾਰ ਧਰਨੇ ਅੱਜ ਵੀ ਜਾਰੀ ਰਹੇ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਦੇਸ਼ ਵਾਸੀ ਸੁੱਕਣੇ ਪਾ ਦਿੱਤੇ ਹਨ। ਇਸ ਦੌਰਾਨਮ ਨਜੀਤ ਕੌਰ ਦੀ ਅਗਵਾਈ ਹੇਠ ਧਰਨਾਕਾਰੀਆਂ ਨੂੰ ਜਨਵਾਦੀ ਇਸਤਰੀ ਸਭਾ ਦੀ ਆਗੂ ਸੁਖਵਿੰਦਰ ਕੌਰ, ਅਮਨਦੀਪ ਕੌਰ, ਮਹਿੰਦਰ ਕੌਰ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਵੀ ਸੰਬੋਧਨ ਕੀਤਾ।