ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਸਤੰਬਰ
ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਅੰਦੋਲਨਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਦੀ ਹਕੂਮਤ ਵਿਰੁੱਧ ਵਿਵਾਦਤ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ 27 ਸਤੰਬਰ ਨੂੰ ਭਾਰਤ ਬੰਦ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਵਾਲੇ ਮੋਰਚੇ ਵੱਲੋਂ ਇਲਾਕੇ ਦੇ ਪਿੰਡਾਂ ਵਿੱਚ ਦੁਕਾਨਾਂ ਅਤੇ ਕਾਰੋਬਾਰ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਡੇਹਲੋਂ ਅਤੇ ਜੋਧਾਂ ਕਸਬਿਆਂ ਦੇ ਮੇਨ ਬਾਜ਼ਾਰਾਂ ਵਿੱਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ, ਜਲਸੇ ਅਤੇ ਮਾਰਚ ਕਰ ਕੇ ਲੋਕਾਂ ਨੂੰ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਅਤੇ ਲੋਕਾਂ ਵੱਲੋਂ ਭਰਪੂਰ ਸਮਰਥਨ ਵੀ ਮਿਲ ਰਿਹਾ ਹੈ। ਲੜੀਵਾਰ ਧਰਨੇ ਦੀ ਅਗਵਾਈ ਪਰਮਜੀਤ ਕੌਰ, ਅਮਨਦੀਪ ਕੌਰ ਅਤੇ ਸੁਖਵਿੰਦਰ ਕੌਰ ਨੇ ਕੀਤੀ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ, ਮਲਕੀਤ ਸਿੰਘ, ਮੋਹਣਜੀਤ ਸਿੰਘ, ਚਰਨਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਾਜਪਾ ਹਰਿੰਦਰ ਕਾਹਲੋਂ ਵਰਗੇ ਬੇਲਗ਼ਾਮ ਲੀਡਰਾਂ ਨੂੰ ਨੱਥ ਪਾਵੇ, ਜਿਹੜੇ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਸਹਿਜ ਸੁਭਾਅ ਬਿਆਨ ਨਹੀਂ ਆਇਆ ਸਗੋਂ ਕੇਂਦਰ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰ ਕੇ ਗਵਰਨਰੀ ਰਾਜ ਲਈ ਮੁੱਢ ਬੰਨ੍ਹਿਆ ਜਾ ਰਿਹਾ ਹੈ।