ਸੰਤੋਖ ਗਿੱਲ
ਗੁਰੂਸਰ ਸੁਧਾਰ, 27 ਅਪਰੈਲ
ਨਾਕਸ ਬਿਜਲੀ ਸਪਲਾਈ ਤੋਂ ਅੱਕੇ ਬਲਾਕ ਪੱਖੋਵਾਲ ਅਤੇ ਡੇਹਲੋਂ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨ ਆਗੂਆਂ ਨੇ ਚੀਫ਼ ਇੰਜਨੀਅਰ ਨੂੰ ਮੰਗ ਪੱਤਰ ਦੇ ਕੇ ਬਿਜਲੀ ਸਪਲਾਈ ਵਿਚ ਸੁਧਾਰ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਖੇਤੀਬਾੜੀ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਜਾਰੀ ਰੱਖਣ ਅਤੇ ਘਰੇਲੂ ਬਿਜਲੀ ਸਪਲਾਈ ਕਈ-ਕਈ ਘੰਟੇ ਗਾਇਬ ਰਹਿਣ ਬਾਰੇ ਜਾਣੂ ਕਰਵਾਇਆ। ਪੱਖੋਵਾਲ ਬਲਾਕ ਤੋਂ ਕਿਸਾਨ ਆਗੂ ਬਿਕਰਮਜੀਤ ਸਿੰਘ ਅਤੇ ਡੇਹਲੋਂ ਬਲਾਕ ਦੇ ਕਨਵੀਨਰ ਕਮਲਜੀਤ ਸਿੰਘ ਘਵੱਦੀ ਨੇ ਬਿਜਲੀ ਅਧਿਕਾਰੀਆਂ ਨੂੰ ਦੱਸਿਆ ਕਿ ਸਬਜ਼ੀਆਂ, ਹਰਾ ਚਾਰਾ ਤੇ ਮੱਕੀ ਸਮੇਤ ਹੋਰ ਫ਼ਸਲਾਂ ਬਿਜਲੀ ਨਾ ਮਿਲਣ ਕਾਰਨ ਸੋਕੇ ਦੀ ਮਾਰ ਹੇਠ ਆ ਗਈਆਂ ਹਨ। ਪੱਖੋਵਾਲ ਬਲਾਕ ਤੋਂ ਕਿਸਾਨ ਆਗੂ ਸ਼ਿੰਗਾਰਾ ਸਿੰਘ ਬੀਹਲਾ, ਬਲਾਕ ਡੇਹਲੋਂ ਤੋਂ ਕਿਸਾਨ ਆਗੂ ਜਸਦੀਪ ਸਿੰਘ ਜੱਸੋਵਾਲ, ਇਕਬਾਲ ਸਿੰਘ ਘਵੱਦੀ ਨੇ ਇਸ ਮੌਕੇ ਬਿਜਲੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਵਿਭਾਗ ਦੇ ਅਧਿਕਾਰੀ ਵੱਡੇ ਸੰਘਰਸ਼ ਦਾ ਸੇਕ ਝੱਲਣ ਲਈ ਤਿਆਰ ਰਹਿਣ।