ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਨਵੰਬਰ
ਖੇਤੀ ਕਾਨੂੰਨਾਂ ਨੂੰ ਲੈ ਦੇਸ਼ ਭਰ ਦੇ ਕਿਰਤੀ ਕਾਮਿਆਂ ਵੱਲੋਂ ਅਰੰਭਿਆ ਸੰਘਰਸ਼ ਦਿੱਲੀ ਹਕੂਮਤ ਦੇ ਬਰੂਹਿਆਂ ਤੱਕ ਪਹੁੰਚ ਗਿਆ ਹੈ । ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਦਿੱਲੀ ਗਏ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲਵੇ ਸਟੇਸ਼ਨ ਅਤੇ ਚੌਂਕੀਮਾਨ ਟੋਲ ਪਲਾਜ਼ੇ ’ਤੇ ਲੱਗਾ ਪੱਕਾ ਧਰਨਾ ਬਜ਼ੁਰਗਾਂ, ਬੀਬੀਆਂ ਨੇ ਸੰਭਾਲਿਆ ਹੋਇਆ ਹੈ । ਅੱਜ ਦੇ ਧਰਨੇ ਵਿੱਚ ਖੱਟਰ ਸਰਕਾਰ ਵੱਲੋਂ ਲਗਾਏ ਬੈਰੀਕੇਡਾਂ ਨੂੰ ਹਟਾਉਣ ਸਮੇਂ ਵਾਪਰੇ ਹਾਦਸੇ ਵਿੱਚ ਸ਼ਹੀਦ ਹੋਏ ਨੌਜਵਾਨ ਕਿਸਾਨ ਧੰਨਾ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ । ਧਰਨੇ ਦੌਰਾਨ ਕੰਵਲਜੀਤ ਖੰਨਾ, ਹਰਬੰਸ ਅਖਾੜਾ, ਮਦਨ ਸਿੰਘ, ਹਰਚੰਦ ਢੋਲਣ, ਮਾਸਟਰ ਅਵਤਾਰ ਸਿੰਘ ਨੇ ਕਿਹਾ ਕਿ ਕਿਰਤੀ ਲੋਕਾਂ ਨੇ ਦਿੱਲੀ ਜਾਮ ਕਰਕੇ ਜਿੱਥੇ ਆਪਣੀ ਸੂਰਮਗਤੀ ਦਾ ਨਾਂ ਭੁੱਲਣਯੋਗ ਸਬੂਤ ਦਿੱਤਾ ਹੈ ਉੱਥੇ ਮੋਦੀ ਅਤੇ ਖੱਟਰ ਸਰਕਾਰ ਦੀਆਂ ਵਧੀਕੀਆਂ ਦਾ ਜਵਾਬ ਦਿੱਤਾ ਹੈ। ਧਰਨੇ ਵਿੱਚ ਸ਼ਾਮਲ ਬੀਬੀਆਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਖੱਟਰ ਅਤੇ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰਪੂਰ ਰੋਸ ਮਾਰਚ ਕਰਦਿਆਂ ਪਿੱਟ-ਸਿਆਪਾ ਕੀਤਾ।
ਲੁਧਿਆਣਾ (ਖੇਤਰੀ ਪ੍ਰਤੀਨਿਧ): ਇੱਥੋਂ ਦੀਆਂ ਜਨਤਕ- ਜਮਹੂਰੀ ਤੇ ਇਨਕਲਾਬੀ ਜੱਥੇਬੰਦੀਆਂ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਕਿਸਾਨਾਂ ਦੇ ਸਥਾਨਕ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਹੋਈ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜਸਵੰਤ ਜੀਰਖ, ਇਨਕਲਾਬੀ ਮਜ਼ਦੂਰ ਕੇਂਦਰ ਦੇ ਕਾ. ਸੁਰਿੰਦਰ ਸਿੰਘ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਹਰਜਿੰਦਰ ਸਿੰਘ ਨੇ ਕੇਂਦਰ ਤੇ ਹਰਿਅਆਣਾ ਸਰਕਾਰ ਦੇ ਜਾਬਰ ਰਵੱਈਏ ਦੀ ਨਿਖੇਧੀ ਕੀਤੀ।
ਮਾਛੀਵਾੜਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਅੱਜ ਇੱਥੇ ਕਿਹਾ ਕਿ ਕਾਨੂੰਨਾਂ ਦੇ ਵਾਪਸ ਲੈਣ ਤੱਕ ਦਿੱਲੀ ਦਾ ਘਿਰਾਓ ਜਾਰੀ ਰਹੇਗਾ। ਉਨ੍ਹਾਂ ਹਰਿਆਣਾ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਾਲਤਾਂ ਦਾ ਜਾਇਜ਼ਾ ਲੈਣ ਲਈ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਰੋਜ਼ਾਨਾ 11 ਵਜੇ ਹੋਇਆ ਕਰੇਗੀ ਜਿਸ ’ਚ ਅਗਲੀ ਰਣਨੀਤੀ ਉੱਪਰ ਫੈਸਲੇ ਲਏ ਜਾਣਗੇ।
ਸਾਹਨੇਵਾਲ ਦੇ ਪਿੰਡਾਂਵਿੱਚ ਮੋਦੀ ਅਤੇ ਖੱਟਰ ਦੇ ਪੁਤਲੇ ਫੂਕੇ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ):ਇੱਥੇ ਅੱਜ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਦੇ ਸੱਦੇ ’ਤੇ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਵਿਚ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸਾਥੀ ਸਿਕੰਦਰ ਬਖ਼ਸ਼ ਮੰਡ ਚੌਂਤਾ, ਹਰੀ ਰਾਮ ਭੱਟੀ, ਕਿਸਾਨ ਆਗੂ ਬਲਵਿੰਦਰ ਸਿੰਘ ਬਿੱਟੂ ਚੌਂਤਾ, ਬਲਵਿੰਦਰ ਸਿੰਘ ਦੋਆਬੀਆ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਕਿਸਾਨ ਪੱਖੀ ਕਹਾਉਣ ਵਾਲੀ ਭਾਜਪਾ ਦੇ ਚਿਹਰਾ ਮਖੌਟਾ ਹੁਣ ਨੰਗਾ ਹੋ ਗਿਆ ਹੈ। ਉਨ੍ਹਾਂ ਹਰਿਆਣਾ ਪੁਲੀਸ ਵੱਲੋਂ ਸਰਹੱਦਾਂ ਸੀਲ ਕਰਨ ਦੀ ਵੀ ਨਿਖੇਧੀ ਕੀਤੀ।