ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਫਰਵਰੀ
ਭਾਕਿਯੂ ਏਕਤਾ (ਡਕੌਂਦਾ) ਵੱਲੋਂ ਅੱਜ ਇਲਾਕੇ ਦੇ ਦਰਜਨ ਤੋਂ ਉੱਪਰ ਪਿੰਡਾਂ ’ਚ ਸਰਕਾਰੀ ਸਕੂਲਾਂ ਦੇ ਬਾਹਰ ਬੱਚਿਆਂ ਤੇ ਮਾਪਿਆਂ ਨੂੰ ਨਾਲ ਲੈ ਕੇ ਰੋਸ ਧਰਨੇ ਦਿੱਤੇ ਗਏ। ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਦਿੱਤੇ ਇਨ੍ਹਾਂ ਧਰਨਿਆਂ ’ਚ ਅਧਿਆਪਕਾਂ ਨੇ ਵੀ ਭਾਗ ਲਿਆ। ਪਿੰਡ ਵਾਸੀਆਂ ਨੇ ਵੱਖ-ਵੱਖ ਪਿੰਡਾਂ ’ਚ ਮੁਜ਼ਾਹਰੇ ਕਰਦਿਆਂ ਦੋਸ਼ ਲਾਇਆ ਕਿ ਕਰੋਨਾ ਦੀ ਓਟ ’ਚ ਜਾਣਬੁੱਝ ਕੇ ਬੱਚਿਆਂ ਨੂੰ ਪੜ੍ਹਾਈ ਤੋਂ ਦੂਰ ਕੀਤਾ ਜਾ ਰਿਹਾ ਹੈ। ਮੁਜ਼ਾਹਰਿਆਂ ’ਚ ‘ਦੇਖੋ ਸਰਕਾਰ ਦੇ ਪੁੱਠੇ ਕੰਮ ਠੇਕੇ ਖੁੱਲ੍ਹੇ ਸਕੂਲ ਬੰਦ’ ਵਰਗੇ ਨਾਅਰੇ ਬੁਲੰਦ ਕੀਤੇ ਗਏ। ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਜਦੋਂ ਚੋਣ ਜਲਸੇ, ਵਿਆਹਾਂ ਸ਼ਾਦੀਆਂ, ਬੱਸਾਂ-ਰੇਲਾਂ ’ਚ ਇਕੱਠਾਂ ’ਤੇ ਪਾਬੰਦੀ ਨਹੀਂ ਤਾਂ ਫਿਰ ਦੇਸ਼ ਦੇ ਭਵਿੱਖ ਨਾਲ ਜਾਣਬੁੱਝ ਖਿਲਵਾੜ ਕਿਉਂ? ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਸਰਕਾਰਾਂ ਨੂੰ ਸਕੂਲ ਬੰਦ ਕਰਨ ਕਾਰਨ ਤਿੱਖੀ ਝਾੜ ਪਾਈ ਹੈ। ਬੁਲਾਰਿਆਂ ਨੇ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ 7 ਫਰਵਰੀ ਨੂੰ ਜਗਰਾਉਂ ਵਿਖੇ ਦੁਪਹਿਰ 12 ਵਜੇ ਤੋਂ ਦੋ ਵਜੇ ਤੱਕ ਕੀਤੇ ਜਾ ਚੱਕਾ ਜਾਮ ਐਕਸ਼ਨ ’ਚ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ।
ਇਸੇ ਤਰ੍ਹਾਂ ਸਕੂਲ ਪ੍ਰਬੰਧਕਾਂ ਵੱਲੋਂ ਬਣਾਈ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਇੱਥੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਚ ਮਨੁੱਖੀ ਚੇਨ ਬਣਾ ਕੇ ਤੇ ਕਾਲੀਆਂ ਝੰਡੀਆਂ ਹੱਥਾਂ ’ਚ ਫੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਆਗੂ ਬਲਦੇਵ ਬਾਵਾ ਦੀ ਅਗਵਾਈ ’ਚ ਮੁਜ਼ਾਹਰਾ ਚੌਕੀਮਾਨ ਟੌਲ ਪਲਾਜ਼ੇ ਨੇੜੇ ਕੀਤਾ ਗਿਆ। ਇਲਾਕੇ ਦੇ ਸਕੂਲ ਮੁਖੀਆਂ ਤੇ ਸਟਾਫ਼ ਨੇ ਹੱਥਾਂ ’ਚ ਕਾਲੇ ਝੰਡੇ ਲੈ ਕੇ ਚੌਕੀਮਾਨ ਟੌਲ ਤੋਂ ਮੋਰਕਰੀਮਾ ਤੱਕ ਮਨੁੱਖੀ ਚੇਨ ਬਣਾ ਕੇ ਵਿਰੋਧ ਕੀਤਾ।
ਜਗਰਾਉਂ ’ਚ ਭਰਵੀਂ ਇਕੱਤਰਤਾ ਤੇ ਰੋਸ ਮਾਰਚ
ਸਥਾਨਕ ਅਗਵਾੜ ਲੋਪੋਂ ਵਿਖੇ ਵੀ ਬੀਕੇਯੂ ਆਗੂ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ’ਚ ਬੱਚਿਆਂ ਤੇ ਮਾਪਿਆਂ ਦਾ ਵਿਸ਼ਾਲ ਇਕੱਠ ਹੋਇਆ। ਗਲੀਆਂ ’ਚ ਯੂਨੀਅਨ ਦੇ ਝੰਡੇ ਚੁੱਕ ਕੇ ਜ਼ਬਰਦਸਤ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਤੋਂ ਸਕੂਲ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਸਕੂਲ ਖੋਲ੍ਹੇ ਨਹੀਂ ਤਾਂ ਪੰਚਾਇਤਾਂ ਨੂੰ ਨਾਲ ਲੈ ਕੇ ਪਿੰਡ ਵਾਸੀ ਖ਼ੁਦ ਸਕੂਲ ਖੋਲ੍ਹਣ ਲਈ ਮਜਬੂਰ ਹੋਣਗੇ।
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਸੱਤ ਦੇ ਜਾਮ ਦਾ ਸਮਰਥਨ
ਸਮਰਾਲਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਰੋਡ ਸਮਰਾਲਾ ਵਿਚ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਮੁੱਖ ਏਜੰਡੇ ਵਿੱਚ ਸਕੂਲਾਂ ਨੂੰ ਬੰਦ ਕਰਨ ਦੀ ਨਿਖੇਧੀ ਕੀਤੀ ਗਈ। ਸ੍ਰੀ ਖੀਰਨੀਆਂ ਤੇ ਸ੍ਰੀ ਮਾਨ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੀ ਸੱਤ ਫਰਵਰੀ ਨੂੰ ਸਮੁੱਚੀ ਜਥੇਬੰਦੀ ਦੀ ਇਕਾਈ ਸਮਰਾਲਾ ਇੱਥੋਂ ਲੰਘ ਰਹੇ ਸਾਰੇ ਹਾਈਵੇਜ਼ ਨੂੰ ਪੂਰਨ ਰੂਪ ਵਿੱਚ ਜਾਮ ਕਰੇਗੀ।