ਪੱਤਰ ਪ੍ਰੇਰਕ
ਪਾਇਲ, 9 ਮਈ
ਈਸੜੂ ਏਰੀਏ ਦੇ ਲਾਗਲੇ ਪਿੰਡਾਂ ਫਤਿਹਪੁਰ, ਰੋਹਣੋ ਕਲਾਂ, ਰੋਹਣੋ ਖੁਰਦ ਦੇ ਕਿਸਾਨਾਂ ਦੀ ਮੱਕੀ, ਮਿਰਚਾਂ, ਬੈਂਗਣ, ਖੀਰੇ ਦੀ ਫ਼ਸਲ ਗੜੇਮਾਰੀ ਨੇ ਤਬਾਹ ਕਰ ਦਿੱਤੀ ਹੈ। ਇਸ ਦੀ ਭਰਪਾਈ ਲਈ ਕਿਸਾਨਾਂ ਨੇ ਸੂਬਾ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਪਿੰਡ ਫਤਹਿਪੁਰ ਦੇ ਕਿਸਾਨ ਸਤਵੀਰ ਸਿੰਘ ਦੇ 12 ਏਕੜ ਮੱਕੀ ਅਤੇ 1 ਏਕੜ ਮਿਰਚਾਂ ਅਤੇ ਗੁਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਦੀ 6 ਏਕੜ ਮੱਕੀ ਦੀ ਫ਼ਸਲ ਗੜਿਆਂ ਨੇ ਤਬਾਹ ਕਰ ਦਿੱਤੀ ਹੈ। ਕਿਸਾਨਾਂ ਨੇ ਕਿਹਾ ਕਿ ਨੁਕਸਾਨ ਦੀ ਭਰਪਾਈ ਲਈ ਪਟਵਾਰੀ ਵਿਸ਼ੇਸ਼ ਗਿਰਦਾਵਰੀ ਕਰ ਕੇ ਮੁੱਖ ਮੰਤਰੀ ਨੂੰ ਮੁਆਵਜ਼ੇ ਲਈ ਭੇਜਣ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਵਾਉਣ। ਵੱਖ-ਵੱਖ ਪਿੰਡਾਂ ਵਿੱਚ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਦੌਰਾ ਕੀਤਾ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।