ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨਾਲ ਸਬੰਧਤ ਕਿਸਾਨਾਂ ਆਗੂਆਂ ਨੇ ਜਗਰਾਉਂ ਮੰਡੀ ਸਣੇ ਇਲਾਕੇ ਦੀਆਂ ਹੋਰ ਮੰਡੀਆਂ ਦਾ ਦੌਰਾ ਕੀਤਾ। ਜ਼ਿਲ੍ਹਾ ਸਕੱਤਰ ਇੰਦਰਜੀਤ ਧਾਲੀਵਾਲ ਦੀ ਅਗਵਾਈ ਵਿੱਚ ਕਿਸਾਨ ਨੁਮਾਇੰਦਿਆਂ ਨੇ ਕੰਡਿਆਂ ਦੀ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਨਮੀ ਵੱਧ ਆਉਣ ਕਰ ਕੇ ਕੁਝ ਦਿੱਕਤ ਆ ਰਹੀ ਹੈ। ਜਥੇਬੰਦੀ ਨੂੰ ਅਨਾਜ ਮੰਡੀਆਂ ਵਿਚ ਤੋਲ ’ਚ ਹੇਰਾਫੇਰੀ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਤੋਂ ਬਿਨਾਂ ਕੁਝ ਇਕ ਮੰਡੀਆਂ ‘ਚ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗ ਰਹੇ ਹਨ।
ਇਸ ਦੌਰਾਨ ਕਿਸਾਨ ਆਗੂਆਂ ਨੇ ਕੰਡਿਆਂ ਦੀ ਚੈਕਿੰਗ ਮਗਰੋਂ ਕੰਡੇ ’ਚ ਤੋਲ ਦਾ ਫ਼ਰਕ ਠੀਕ ਕਰਵਾਇਆ। ਉਨ੍ਹਾਂ ਕਿਹਾ ਕਿ ਚੁਕਾਈ ‘ਚ ਦੇਰੀ ਕਰ ਕੇ ਗੱਲਾ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਕਿਸੇ ਵੀ ਅਨਾਜ ਮੰਡੀ ’ਚ ਚੌਕੀਦਾਰ ਤਾਇਨਾਤ ਨਹੀਂ ਕਿਆ ਗਿਆ ਹੈ।
ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਭੇਜੇ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਮਜਬੂਰੀਵੱਸ ਪਰਾਲੀ ਫੂਕਣ ਵਾਲਿਆਂ ਦੇ ਚਲਾਨ ਨਾ ਕੱਟੇ ਜਾਣ। ਡੀਏਪੀ ਤੁਰੰਤ ਮੁਹੱਈਆ ਕਰਵਾਇਆ ਜਾਵੇ।