ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਮਾਰਚ
ਪੀਏਯੂ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ. ਕਰਨਜੀਤ ਸਿੰਘ ਥਿੰਦ ਅੱਜ ਸੇਵਾਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ਵੇਲੇ ਅੱਜ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਪੀਏਯੂ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਡਾ. ਥਿੰਦ ਦੀ 32 ਸਾਲ ਲੰਮੀ ਸੇਵਾ ਮਿਆਦ ਨੂੰ ਯਾਦ ਕਰਦਿਆਂ ਕਿਹਾ ਕਿ ਇੱਕ ਬਿਹਤਰੀਨ ਇਨਸਾਨ ਹੋਣ ਦੇ ਨਾਲ-ਨਾਲ ਡਾ. ਥਿੰਦ ਬਹੁਤ ਸਮਰਪਿਤ ਵਿਗਿਆਨੀ ਵੀ ਹਨ। ਗੰਨੇ ਦੀਆਂ 16 ਕਿਸਮਾਂ ਦਾ ਵਿਕਾਸ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਜਾਰੀ ਕਰਨ ਦਾ ਸਿਹਰਾ ਡਾ. ਥਿੰਦ ਦੇ ਸਿਰ ਬੱਝਦਾ ਹੈ। ਡਾ. ਥਿੰਦ ਨੇ ਦੱਸਿਆ ਕਿ ਉਨ੍ਹਾਂ ਨੇ 1989 ਵਿੱਚ ਗੰਨਾ ਖੋਜ ਕੇਂਦਰ ਤੋਂ ਆਪਣਾ ਕਾਰਜ ਸ਼ੁਰੂ ਕੀਤਾ। ਡਾ. ਢਿੱਲੋਂ ਅਤੇ ਹੋਰ ਉੱਚ ਅਧਿਕਾਰੀਆਂ ਨੇ ਡਾ. ਥਿੰਦ ਨੂੰ ਇੱਕ ਸ਼ਾਲ ਅਤੇ ਯਾਦ ਚਿੰਨ੍ਹ ਭੇਟ ਕੀਤਾ।