ਲੁਧਿਆਣਾ: ਸੈਕਟਰ 32 ਚੰਡੀਗੜ੍ਹ ਰੋਡ ਦੇ ਇੱਕ ਘਰ ਵਿੱਚੋਂ ਨੇਪਾਲੀ ਨੌਕਰ ਸਾਥੀਆਂ ਸਮੇਤ ਸਾਮਾਨ ਚੋਰੀ ਕਰ ਕੇ ਲੈ ਗਿਆ। ਇਸ ਬਾਰੇ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਘੁੰਮਣ ਲਈ ਗਿਆ ਸੀ। ਗੁਆਂਢ ਵਿੱਚ ਰਹਿੰਦੇ ਉਸਦੇ ਦੋਸਤ ਦੇ ਲੜਕੇ ਹਾਕੂ ਅਲੀ ਨੇ ਫੋਨ ਕਰ ਕੇ ਦੱਸਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਉਸ ਦਾ ਨੌਕਰ ਬਹਾਦਰ ਪ੍ਰਕਾਸ਼ ਜੇਤਰੀ ਗਾਇਬ ਹੈ। ਉਹ ਵਾਪਸ ਆਏ ਤਾਂ ਵੇਖਿਆ ਕਿ ਘਰ ਦੇ ਕਮਰਿਆਂ ਵਿੱਚ ਦਾਖ਼ਲ ਹੋਣ ਵਾਸਤੇ ਲੱਗੇ ਕੈਂਚੀ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਨੌਕਰ ਆਪਣੇ ਦੋ ਸਾਥੀਆਂ ਦੀ ਮਦਦ ਨਾਲ ਅਲਮਾਰੀਆਂ ਵਿੱਚ ਪਿਆ ਐਪਲ ਮੋਬਾਈਲ, ਐਪਲ ਆਈਪੈਡ ਅਤੇ ਜ਼ਰੂਰੀ ਕਾਗਜ਼ਾਤ ਤੋਂ ਇਲਾਵਾ ਦਫ਼ਤਰ ਵਿੱਚੋਂ ਐਪਲ ਮੈਕਬੁੱਕ ਅਤੇ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ। ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਨੌਕਰ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। – ਨਿੱਜੀ ਪੱਤਰ ਪ੍ਰੇਰਕ