ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 19 ਫਰਵਰੀ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਡਾ.ਪਾਟਿਲ ਕੇਤਨ ਬਾਲੀਰਾਮ ਆਈਪੀਐਸ ਨੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਪੋਲਿੰਗ ਸਟੇਸ਼ਨਾਂ ’ਤੇ ਚੋਣਾਂ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਤਾਇਨਾਤ ਸੁਰੱਖਿਆ ਬਲਾਂ ਅਤੇ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਡਾ.ਪਾਟਿਲ ਕੇਤਨ ਬਾਲੀਰਾਮ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਸੈਂਟਰਲ ਆਰਮਡ ਫੋਰਸ ਦੀਆਂ 21 ਕੰਪਨੀਆਂ ਅਲਾਟ ਹੋਈਆਂ ਹਨ। ਜਿਨ੍ਹਾਂ ਵਿੱਚ ਆਈਟੀਬੀ ਦੀਆਂ 8,ਐੱਸਬੀਐੱਸ ਦੀਆਂ 6, ਸੀਆਈਐੱਸਐੱਫ ਦੀ ਇੱਕ, ਬੀਐੱਸਐੱਫ ਦੀਆਂ ਤਿੰਨ, ਆਈਆਰਬੀ ਹਰਿਆਣਾ ਦੀਆਂ 2 ਅਤੇ ਸੀਆਰਪੀਐੱਫ ਦੀ ਇੱਕ ਕੰਪਨੀ ਅਲਾਟ ਹੋਈ ਹੈ,ਸਾਰੀਆਂ ਕੰਪਨੀਆਂ ਦੇ 1496 ਜਵਾਨ ਤਾਇਨਾਤ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਅਧਿਕਾਰ ਖੇਤਰ ਵਿੱਚ ਤਿੰਨ ਵਿਧਾਨ ਸਭਾ ਹਲਕੇ ਦਾਖਾ, ਜਗਰਾਉਂ ਅਤੇ ਰਾਏਕੋਟ ਹਨ। ਇਨ੍ਹਾਂ ਵਿੱਚੋਂ 75 ਅਤਿ ਸੰਵੇਦਨਸ਼ੀਲ, 286 ਸੰਵੇਦਨਸ਼ੀਲ। ਅਤਿ ਸੰਵੇਦਨਸ਼ੀਲ ਖੇਤਰਾਂ ’ਤੇ ਜ਼ਿਆਦਾ ਜਵਾਨ ਤਾਇਨਾਤ ਕੀਤੇ ਗਏ ਹਨ । ਸਮੁੱਚੇ ਖੇਤਰ ਤੇ ਬਾਜ਼ ਅੱਖ ਰੱਖਣ ਲਈ 53 ਪੈਟਰੋਲਿੰਗ ਟੀਮਾਂ ਸਮੇਤ ਸੈਕਟਰ ਮੈਜਿਸਟਰੇਟ ਰੱਖੀਆਂ ਗਈਆਂ ਹਨ । ਸੁਪਰਵੀਜ਼ਨ ਲਈ ਇੱਕ ਇੱਕ ਐੱਸਪੀ ਰੈਂਕ ਦਾ ਅਧਿਕਾਰੀ ਅਤੇ ਦੋ-ਦੋ ਡੀਐੱਸਪੀ ਤਾਇਨਾਤ ਕੀਤੇ ਗਏ ਹਨ । ਵੋਟਾਂ ਪੈਣ ਉਪਰੰਤ ਏਵੀਐੱਮ ਰੱਖਣ ਲਈ ਬਣਾਏ ਗਏ 3 ਸਟਰੌਂਗ ਰੂਮਾਂ ਦੀ ਹਿਫਾਜ਼ਤ ਲਈ ਸੀਆਰਪੀਐੱਫ ਦੀ ਇੱਕ ਪੂਰੀ ਕੰਪਨੀ ਦੀ ਤਿੰਨ ਪੱਧਰੀ ਗਾਰਦ ਲਗਾਈ ਗਈ ਹੈ। ਇਸ ਦੇ ਨਾਲ ਹੀ ਸਟੇਟ ਆਰਮਡ ਦੀ ਇੱਕ ਕੰਪਨੀ ਅਤੇ ਜ਼ਿਲ੍ਹਾ ਪੁਲੀਸ ਦੀ ਇੱਕ-ਇੱਕ ਗਾਰਦ ਵੀ ਲਗਾਈ ਜਾਵੇਗੀ । ਵੱਖ ਕੰਪਨੀਆਂ ਦੀਆਂ ਵੱਖਰੀਆਂ 51 ਟੀਮਾਂ ਪਹਿਲਾਂ ਹੀ ਸ਼ਿਫਟਾਂ ਵਿੱਚ ਡਿਊਟੀ ਕਰ ਰਹੀਆਂ ਹਨ ।
168 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ
ਖੰਨਾ: ਥਾਣਾ ਸਿਟੀ ਖੰਨਾ ਦੇ ਥਾਣੇਦਾਰ ਸ਼ਿੰਗਾਰਾ ਸਿੰਘ ਨੂੰ ਗੁਪਤ ਜਾਣਕਾਰੀ ਮਿਲਣ ਤੇ ਉਨ੍ਹਾਂ ਪੁਲੀਸ ਪਾਰਟੀ ਸਮੇਤ ਸਮਰਾਲਾ ਚੌਕ ਖੰਨਾ ਵਿੱਚ ਨਾਕਾ ਲਾਇਆ। ਇਸ ਮੌਕੇ ਵੈਗਨਾਰ ਕਾਰ ਨੰਬਰ-ਐੱਚਆਰ.9ਸੀ-6060 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ 14 ਪੇਟੀਆਂ (168 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲੀਸ ਨੇ ਤੁਰੰਤ ਕਾਰ ਚਾਲਕ ਹਿਮਾਂਸ਼ੂ ਵਾਸੀ ਮਾਡਲ ਟਾਊਨ ਖੰਨਾ ਨੂੰ ਆਬਕਾਰੀ ਐਕਟ ਧਾਰਾ-61/1/14 ਅਧੀਨ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ। -ਨਿੱਜੀ ਪੱਤਰ ਪ੍ਰੇਰਕ