ਗੁਰਿੰਦਰ ਸਿੰਘ
ਲੁਧਿਆਣਾ, 13 ਫਰਵਰੀ
ਸਿਵਲ ਸਰਜਨ ਡਾ. ਐੱਸ ਪੀ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਨਾਲ-ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬਾੜੇਵਾਲ ਰੋਡ ਸਥਿਤ ਇੱਕ ਨਿੱਜੀ ਘਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ ਫੜੀ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਟੀਮ ਵੱਲੋਂ 1 ਲਿਟਰ ਦੀ ਪੈਕਿੰਗ ਵਿੱਚ 450 ਲਿਟਰ ਘਿਓ, 500 ਐਮਐਲ ਦੀ ਪੈਕਿੰਗ ਵਿੱਚ 90 ਲਿਟਰ, 5 ਲਿਟਰ ਦੀ ਪੈਕਿੰਗ ਵਿੱਚ 75 ਲਿਟਰ, 275 ਲਿਟਰ ਖੁੱਲ੍ਹਾ ਦੇਸੀ ਘਿਓ, 1380 ਲਿਟਰ ਵਨਸਪਤੀ ਅਤੇ ਰਿਫਾਇੰਡ ਅਤੇ 6 ਲਿਟਰ ਹੋਰ ਪਦਾਰਥ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ 1050 ਕਾਰਡ ਬੋਰਡ ਡੱਬੇ, 15 ਕਿਲੋ ਰਿਫਾਇੰਡ ਤੇਲ ਦੇ 315 ਖਾਲੀ ਟੀਨ ਅਤੇ ਨਕਲੀ ਘਿਓ ਪੈਕ ਕਰਨ ਲਈ 5 ਹਜ਼ਾਰ ਤੋਂ ਵੱਧ ਖਾਲੀ ਪਲਾਸਟਿਕ ਦੇ ਜਾਰ ਵੀ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਫੜੇ ਗਏ ਸਾਮਾਨ ਵਿੱਚੋਂ 7 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4 ਦੇਸੀ ਘਿਓ ਦੇ, 1 ਵਨਸਪਤੀ, 1 ਰਿਫਾਇੰਡ ਤੇਲ (ਮਿਲਾਵਟੀ) ਅਤੇ 1 ਦੇਸੀ ਘਿਓ ਫਲੇਵਰ (ਮਿਲਾਵਟੀ) ਹੈ ਜੋ ਜਾਂਚ ਲਈ ਲੈਬਾਰਟਰੀ ਵਿੱਚ ਭੇਜੇ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾ ਸਟਾਕ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ ਹੈ ਅਤੇ ਪੂਰੀ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।