ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਬੱਚਿਆਂ ਦੀ ਸੇਵਾ ਲਈ ਯਤਨਸ਼ੀਲ ਸਹਾਇਤਾ ਸੰਸਥਾ ਪੰਜਾਬ ਦੇ ਪ੍ਰਧਾਨ ਡਾ. ਰਾਜਿੰਦਰ ਸਿੰਘ ਲੁਧਿਆਣਾ ਵੱਲੋਂ ਡਾ. ਸੈਫ਼ੀ ਬੈਦਵਾਲ ਇੰਚਾਰਜ ਰੇ-ਆਈ ਕੇਅਰ ਰਾਏਕੋਟ ਦੀ ਅਗਵਾਈ ‘ਚ ਸਵਾਮੀ ਬ੍ਰਹਮਸਾਗਰ ਮਹਾਰਾਜ ਭੂਰੀ ਵਾਲਿਆਂ ਦੇ 160ਵੇਂ ਜਨਮ ਦਿਨ ਅਤੇ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ 38ਵੀਂ ਬਰਸੀ ਸਬੰਧੀ ਧਾਮ ਤਲਵੰਡੀ ਖੁਰਦ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਡਾ. ਕੈਲਾਸ਼ ਸਵਾਮੀ ਨੇ 500 ਲੋਕਾਂ ਦੀ ਜਾਂਚ ਕੀਤੀ ਜਿਨ੍ਹਾਂ ‘ਚੋਂ 49 ਮਰੀਜ਼ਾਂ ਦੀ ਲੈਂਜ਼ ਪਾਉਣ ਲਈ ਚੋਣ ਕੀਤੀ ਗਈ। ਕੈਂਪ ਦਾ ਉਦਘਾਟਨ ਕਰਦਿਆਂ ਸਵਾਮੀ ਓਮਾ ਨੰਦ ਨੇ ਕੀਤਾ ਅਤੇ ਕਿਹਾ ਕਿ ਧਾਰਮਿਕ ਸਮਾਗਮਾਂ ‘ਚ ਪੁੱਜ ਰਹੀ ਸੰਗਤ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਨਾਲ ਦੁੱਗਣੇ ਪੁੰਨ ਦਾ ਕੰਮ ਹੈ। ਐੱਸਜੀਬੀ ਫਾਊਂਡੇਸ਼ਨ ਦੇ ਸਕੱਤਰ ਕੁਲਦੀਪ ਸਿੰਘ ਮਾਨ ਨੇ ਕਿਹਾ ਕਿ ਡਾ. ਰਾਜਿੰਦਰ ਸਿੰਘ ਨੇ ਆਪਣੇ ਡਾਕਟਰੀ ਪੇਸ਼ੇ ਦੇ ਨਾਲ-ਨਾਲ ਗਰੀਬ ਵਰਗ, ਕਿਸਾਨ ਖੁਦਕੁਸ਼ੀਆਂ ਦਾ ਸ਼ਿਕਾਰ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਲੋੜਵੰਦ ਲੋਕਾਂ ਦੀ ਮੱਦਦ ਕਰਕੇ ਇਕ ਚੰਗੇ ਸਮਾਜ ਸੇਵੀ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਆਦਿ ਹਾਜ਼ਰ ਸਨ।