ਪੱਤਰ ਪ੍ਰੇਰਕ
ਜਗਰਾਉਂ, 26 ਦਸੰਬਰ
ਇਥੇ ਸਿੱਖ ਯੂਥ ਵੈਲਫੇਅਰ ਸੁਸਾਇਟੀ ਅਤੇ ਵਿਵੇਕ ਕਲੀਨਿਕ ਵੱਲੋਂ ਸਾਂਝੇ ਤੌਰ ’ਤੇ ਲੋੜਵੰਦ ਮਰੀਜ਼ਾਂ ਲਈ ਅੱਖਾਂ ਦੀਆਂ ਬਿਮਾਰੀਆਂ ਅਤੇ ਇਲਾਜ ਲਈ ਕੈਂਪ ਲਗਾਇਆ ਗਿਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੈਂਪ ਦਾ ਉਦਘਾਟਨ ਕੌਂਸਲਰ ਮੇਸ਼ੀ ਸਹੋਤਾ ਨੇ ਕੀਤਾ ਅਤੇ ਇਸ ਕੈਂਪ ਵਿੱਚ 114 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ ਦਵਾਈਆਂ ਅਤੇ ਐਨਕਾਂ ਦੀ ਵੰਡ ਕੀਤੀ ਗਈ। ਕੌਂਸਲਰ ਮੇਸ਼ੀ ਸਹੋਤਾ ਨੇ ਸੁਸਾਇਟੀ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਸਮਾਜ-ਸੇਵਾ ਲਈ ਹਰ ਮੱਦਦ ਦਾ ਐਲਾਨ ਕੀਤਾ। ਕੈਂਪ ’ਚ ਸੇਵਾਵਾਂ ਨਿਭਾਉਣ ਵਾਲੀ ਡਾਕਟਰਾਂ ਦੀ ਟੀਮ ਦੇ ਆਗੂ ਡਾ. ਰਾਜਨ ਖੰਨਾ ਨੇ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਅਤੇ ਸਮੇਂ-ਸਮੇਂ ਸਿਰ ਜਾਂਚ ਦੀ ਸਲਾਹ ਦਿੱਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾਂ ਨੇ ਆਖਿਆ ਕਿ ਆਉਂਦੇ ਦਿਨਾਂ ’ਚ ਜੋੜਾਂ, ਡਿਸਕ, ਅਧਰੰਗ, ਸਰਵਾਈਕਲ ਆਦਿ ਬਾਰੇ ਇੱਕ ਹੋਰ ਮੁਫ਼ਤ ਕੈਂਪ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਟੀਮ ਅਤੇ ਮੁੱਖ ਮਹਿਮਾਨ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਕੈਂਪ ਦੀ ਸਫ਼ਲਤਾ ਲਈ ਸਹਾਰਾ ਯੂਥ ਸੁਸਾਇਟੀ ਦੇ ਪੁਸ਼ਪਿੰਦਰ ਡੱਲਾ, ਗੁਰਸ਼ਰਨ ਸਿੰਘ ਮਿਗਲਾਨੀ, ਗਗਨਦੀਪ ਸਰਨਾ, ਇੰਦਰਪਰੀਤ ਵਛੇਰ, ਮਨਪ੍ਰੀਤ ਬਿੰਦਰਾ ਨੇ ਯੋਗਦਾਨ ਪਾਇਆ।