ਜਗਰਾਉਂ: ਲੋਕ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ ਪ੍ਰਿੰ. ਚਰਨਜੀਤ ਸਿੰਘ ਭੰਡਾਰੀ ਦੇ ਪਿਤਾ ਮਰਹੂਮ ਜਗਜੀਤ ਸਿੰਘ ਭੰਡਾਰੀ ਦੀ ਯਾਦ ’ਚ ਅੱਜ ਇੱਥੇ ਅੱਖਾਂ ਦਾ ਜਾਂਚ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸਾਬਕਾ ਵਿਧਾਇਕ ਐੱਸਆਰ ਕਲੇਰ, ਭਾਗ ਸਿੰਘ ਮੱਲ੍ਹਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨਾਲ ਮਿਲ ਕੇ ਕੀਤਾ। ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਬਜ਼ੁਰਗਾਂ ਦੀ ਯਾਦ ਨੂੰ ਮਨੁੱਖਤਾ ਦੇ ਭਲੇ ਲਈ ਕੰਮ ਕਰ ਕੇ ਮਨਾਉਣਾ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ। ਲੰਮਿਆਂ ਵਾਲਾ ਬਾਗ ਵਿਚ ਲਗਾਏ ਇਸ ਕੈਂਪ ‘ਚ ਸ਼ੰਕਰਾ ਆਈ ਹਸਪਤਾਲ ਮੁੱਲਾਂਪੁਰ ਦੇ ਅੱਖਾਂ ਦੇ ਮਾਹਿਰ ਡਾ. ਰਮਿੰਦਰ ਕੌਰ ਨੇ 347 ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦਾ ਚੈੱਕਅਪ ਕਰ ਕੇ 95 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਕੀਤੀ। ਕੈਂਪ ਵਿੱਚ ਸਿਵਲ ਹਸਪਤਾਲ ਜਗਰਾਉਂ ਤੋਂ ਜਸਪਾਲ ਸਿੰਘ, ਜਗਰਾਜ ਸਿੰਘ, ਕਮਲਜੀਤ ਕੌਰ ਤੇ ਸ਼ਰਨਜੀਤ ਕੌਰ ਦੀ ਟੀਮ ਨੇ 96 ਮਰੀਜ਼ਾਂ ਦੇ ਕਰੋਨਾ ਟੈਸਟ ਵੀ ਕੀਤੇ। -ਨਿੱਜੀ ਪੱਤਰ ਪ੍ਰੇਰਕ