ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾ, 7 ਅਗਸਤ
ਬੀਤੇ ਕਰੀਬ ਅੱਠ ਮਹੀਨਿਆਂ ਤੋਂ ਦਿੱਲੀ-ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਲਈ ਐਕੁਵਾਇਰ ਜ਼ਮੀਨਾਂ ਦੇ ਸਹੀ ਮੁੱਲ ਅਤੇ ਮੁੱਢਲੀਆਂ ਮੁੱਖ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਮਾਲੇਰਕੋਟਲਾ ਦੇ ਕਿਸਾਨ ਲਗਾਤਾਰ ਮੁੱਖ ਮਾਰਗਾਂ ’ਤੇ ਧਰਨੇ ਮੁਜ਼ਾਹਰੇ ਕਰ ਰਹੇ ਹਨ, ਉੱਥੇ ਹੀ ਵੱਖ ਵੱਖ ਬੈਂਕਾਂ ਦੀਆਂ ਬਰਾਂਚਾਂ ਵਾਲੇ ਆਪਣੇ ਮੁਲਾਜ਼ਮ ਪਿੰਡਾਂ ਵਿੱਚ ਭੇਜ ਕਿ ਸਬੰਧਤ ਕਿਸਾਨਾਂ ਦੇ ਬੈਂਕ ਖਾਤੇ ਖੁੱਲ੍ਹਵਾਉਣ ਲਈ ਉਤਾਵਲੇ ਹਨ, ਜਿਨ੍ਹਾਂ ਦਾ ਅੱਜ ਪਿੰਡ ਕੁੱਪ ਕਲਾਂ ਵਿੱਚ ਘਿਰਾਓ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ, ਪ੍ਰਧਾਨ ਦਾਰਾ ਸਿੰਘ, ਹਰਵਿੰਦਰ ਸਿੰਘ ਨੋਨੀ, ਰਣਜੀਤ ਸਿੰਘ, ਜਥੇਦਾਰ ਤੇਜਾ ਸਿੰਘ, ਗੁਰਤੇਜ ਸਿੰਘ ਔਲਖ ਅਤੇ ਸਾਬਕਾ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਬੈਂਕ ਮੁਲਾਜ਼ਮ ਚਿਤਾਵਨੀ ਦੇ ਬਾਵਜੂਦ ਪਿੰਡਾਂ ਵਿੱਚ ਕਿਸਾਨਾਂ ਦੇ ਬੈਂਕ ਖਾਤੇ ਖੋਲ੍ਹਣ ਲਈ ਆਉਂਦੇ ਹਨ। ਕਿਸਾਨਾਂ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਉਨ੍ਹਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦੇ ਖਾਤਿਆਂ ਵਿੱਚ ਪੁਰਾਣੇ ਐਵਾਰਡ ਮੁਤਾਬਕ ਜ਼ਮੀਨਾਂ ਦੀ ਕੀਮਤ ਅਦਾ ਨਾ ਕਰ ਦਿੱਤੀ ਜਾਵੇ, ਜਿਸ ਤੋਂ ਦੁਖੀ ਹੋ ਕੇ ਅੱਜ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਇਨ੍ਹਾਂ ਬੈਂਕ ਮੁਲਾਜ਼ਮਾਂ ਦਾ ਘਿਰਾਓ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਬੈਂਕ ਅਧਿਕਾਰੀ ਪਿੰਡਾਂ ਵਿੱਚ ਖਾਤਾ ਖੋਲ੍ਹਣ ਆਇਆ ਤਾਂ ਸਬੰਧਤ ਬੈਂਕ ਦੀ ਬਰਾਂਚ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪਿੰਡਾਂ ਵਿਚ ਆਏ ਬੈਂਕ ਮੁਲਾਜ਼ਮਾਂ ਦੇ ਬਰਾਂਚ ਮੈਨੇਜਰ ਦੇ ਲਿਖਤੀ ਭਰੋਸਾ ਦਿੱਤਾ ਕਿ ਉਹ ਜ਼ਿਲ੍ਹਾ ਮਾਲੇਰਕੋਟਲਾ ਦੇ 17 ਪਿੰਡਾਂ ਵਿਚ ਕਿਸੇ ਵੀ ਕਿਸਾਨ ਦਾ ਖਾਤਾ ਖੋਲ੍ਹਣ ਨਹੀਂ ਆਉਣਗੇ।