ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾ, 18 ਜੁਲਾਈ
ਜੰਮ ਕੱਟੜਾ ਐਕਸਪ੍ਰੈੱਸਵੇਅ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਭਾਅ ਘੱਟ ਮਿਲਣ ਕਾਰਨ ਅਹਿਮਦਗੜ੍ਹ ਬਲਾਕ ਨਾਲ ਸਬੰਧਿਤ ਕਿਸਾਨਾਂ ਵੱਲੋਂ 19 ਜੁਲਾਈ ਨੂੰ ਪਿੰਡ ਭੋਗੀਵਾਲ ਤੇ ਕੁੱਪ ਕਲਾਂ ਵਿਚਕਾਰ ਲੁਧਿਆਣਾ-ਮਾਲੇਰਕੋਟਲਾ ਮਾਰਗ ’ਤੇ ਪੱਕਾ ਧਰਨਾ ਲਗਾ ਕੇ ਸੜਕ ਨੂੰ ਜਾਮ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਸਰਬਜੀਤ ਸਿੰਘ ਕੁੱਪ ਖੁਰਦ, ਪ੍ਰਧਾਨ ਦਾਰਾ ਸਿੰਘ, ਹਰਵਿੰਦਰ ਸਿੰਘ ਨੋਨੀ ਤੇ ਸਰਪੰਚ ਦਰਸ਼ਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਖ਼ਫ਼ਾ ਹੋ ਕੇ ਸੰਘਰਸ਼ ਕਮੇਟੀ ਦੇ ਆਗੂ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਕਨਵੀਨਰ ਪੰਜਾਬ ਤੇ ਪ੍ਰਧਾਨ ਜ਼ਿਲ੍ਹਾ ਸੰਗਰੂਰ, ਗੁਰਪ੍ਰੀਤ ਸਿੰਘ ਭੈਣੀ ਪ੍ਰਧਾਨ ਜ਼ਿਲ੍ਹਾ ਮਾਲੇਰਕੋਟਲਾ ਅਤੇ ਪੀੜਤ ਕਿਸਾਨਾਂ ਵੱਲੋਂ 19 ਨੂੰ ਪੱਕੇ ਤੌਰ ’ਤੇ ਧਰਨਾ ਲਗਾ ਕੇ ਸੜਕ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅਹਿਮਦਗੜ੍ਹ ਦੇ ਐਸਡੀਐਮ ਵੱਲੋਂ ਬਲਾਕ ਦੀ ਜ਼ਮੀਨ ਦਾ ਭਾਅ ਭਵਾਨੀਗੜ੍ਹ ਅਤੇ ਧੂਰੀ ਬਲਾਕਾਂ ਮੁਕਾਬਲੇ ਘੱਟ ਹੈ ਜਦੋਂਕਿ ਤਿੰਨੇ ਬਲਾਕਾਂ ਦੇ ਕੁਲੈਕਟਰ ਰੇਟ ਇਕ ਹੀ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨਾਲ ਜ਼ਮੀਨ ਦੇ ਘੱਟ ਦੇ ਕੇ ਧੱਕਾ ਕਰ ਰਿਹਾ ਹੈ। ਇਸ ਲਈ ਹੁਣ ਯੂਨੀਅਨ ਵੱਲੋਂ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ।
ਇਸ ਮੌਕੇ ਹਰਬੰਸ ਸਿੰਘ, ਗੁਰਤੇਜ ਸਿੰਘ, ਇੰਦਰਜੀਤ ਸਿੰਘ, ਤੇਜਿੰਦਰ ਸਿੰਘ, ਰਘਵਿੰਦਰ ਸਿੰਘ, ਪਿਆਰਾ ਸਿੰਘ ਆਦਿ ਪੀੜਤ ਕਿਸਾਨਾਂ ਨੇ ਵੀ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਪ੍ਰੈੱਸਵੇਅ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਔਲਖ ਅਤੇ ਦਾਰਾ ਸਿੰਘ ਨੇ ਆਖਿਆ ਕਿ ਇਹ ਮਾਰਗ ਬਣਨ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦੇ ਦੋ ਟੁਕੜੇ ਬਣ ਜਾਣਗੇ। ਇਸ ਕਾਰਨ ਕਿਸਾਨ ਲਈ ਜ਼ਮੀਨ ਨੂੰ ਪਾਣੀ ਦੇਣਾ ਅਤੇ ਫ਼ਸਲਾਂ ਦੀ ਸੰਭਾਲ ਸਮੱਸਿਆ ਬਣ ਜਾਵੇਗੀ। ਇਸ ਲਈ ਸਰਵਿਸ ਲੇਨ ਅਤੇ ਕਿਸਾਨ ਦੀ ਮੋਟਰ ਦਾ ਪਾਣੀ ਉਸ ਦੀ ਦੂਜੇ ਪਾਰ ਵਾਲੀ ਜ਼ਮੀਨ ਤਕ ਪੁੱਜਦਾ ਕਰਨ ਦੇ ਪ੍ਰਬੰਧ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਚਾਹੁੰਦੇ ਤਾਂ ਉਹ ਕਿਸਾਨਾਂ ਦਾ ਮਸਲਾ ਹੱਲ ਕਰ ਸਕਦੇ ਸਨ ਪਰ ਕਿਸਾਨ ਪਿੱਛਲੇ ਅੱਠ ਮਹੀਨਿਆਂ ਤੋਂ ਪ੍ਰਸ਼ਾਸਨਿਕ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ ਅਤੇ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਮੁਆਵਜ਼ਾ ਦਿੱਤਾ ਜਾਣਾ ਹੈ ਉਹ ਸਿਰਫ਼ ਕਬਜ਼ਾਧਾਰਕ ਕਿਸਾਨ ਨੂੰ ਹੀ ਦਿੱਤਾ ਜਾਵੇ ਕਿਉਂਕਿ ਇਸ ਨਾਲ ਤਕਸੀਮ ਨਾ ਹੋਈ ਜ਼ਮੀਨ ਕਾਰਨ ਪਰਿਵਾਰਾਂ ਵਿਚ ਝਗੜੇ ਹੋਣ ਦੀ ਸੰਭਾਵਨਾ ਹੈ।