ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਗਸਤ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨੀਂ ਖੰਨਾ ਦੇ ਠੇਕੇ ਤੋਂ ਮਿਆਦ ਪੁੱਗ ਚੁੱਕੀ ਤਰੀਕ ਦੀਆਂ ਖ਼ਰੀਦੀਆਂ ਬੀਅਰ ਦੀਆਂ ਬੋਤਲਾਂ ਦੇ ਮਾਮਲੇ ’ਤੇ ਆਬਕਾਰੀ ਵਿਭਾਗ ਤੇ ਸੂਬੇ ਦੇ ਮੁੱਖ ਮੰਤਰੀ ’ਤੇ ਦੋਸ਼ ਲਾਇਆ ਹੈ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨਾ ਸਾਫ਼ ਇਸ਼ਾਰਾ ਕਰ ਰਿਹਾ ਹੈ ਕਿ ਸ਼ਰਾਬ ਮਾਫ਼ੀਆ ਸਰਕਾਰ ਦੇ ਇਸ਼ਾਰੇ ’ਤੇ ਚੱਲਦਾ ਹੈ। ਵੱਖ ਵੱਖ ਠੇਕਿਆਂ ਤੇ ਵਿੱਕਣ ਵਾਲੀ ਬੀਅਰ, ਜੋ ਮਿਆਦ ਪੁਗਾ ਚੁੱਕੀ ਹੈ, ਸਰਕਾਰ ਦੀ ਮਿਲੀਭਗਤ ਨਾਲ ਹੀ ਠੇਕੇਦਾਰਾਂ ਵਲੋਂ ਵੇਚੀ ਜਾ ਰਹੀ ਹੈ। ਵਿਧਾਇਕ ਬੈਂਸ ਅੱਜ ਕੋਟ ਮੰਗਲ ਸਿੰਘ ਵਿੱਚ ਪੱਤਰਕਾਰ ਮਿਲਣੀ ਕਰ ਰਹੇ ਸਨ।
ਇਸ ਦੌਰਾਨ ਵਿਧਾਇਕ ਬੈਂਸ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਮਾਨਵਿੰਦਰ ਸਿੰਘ ਗਿਆਸਪੁਰਾ ਨੇ ਖੰਨਾ ਦੇ ਇੱਕ ਸ਼ਰਾਬ ਦੇ ਠੇਕੇ ਤੋਂ ਬੀਅਰ ਦੀਆਂ ਬੋਤਲਾਂ ਖਰੀਦੀਆਂ ਤਾਂ ਉਨ੍ਹਾਂ ਦੇ ਉੱਪਰ ਲੱਗੇ ਲੇਬਲ ਤੇ ਲਿਖੀ ਮਿਤੀ ਤੋਂ ਸਾਫ਼ ਹੋ ਗਿਆ ਕਿ ਇਹ ਬੀਅਰ ਦੀਆਂ ਬੋਤਲਾਂ ਦੀ ਮਿਆਦ ਪੁੱਗਾ ਚੁੱਕੀ ਹੈ। ਵਿਧਾਇਕ ਬੈਂਸ ਅਨੁਸਾਰ ਮੌਕੇ ’ਤੇ ਹੀ ਐਕਸਾਈਜ਼ ਵਿਭਾਗ ਦੇ ਸਬੰਧਤ ਇੰਸਪੈਕਟਰ ਨੂੰ ਬੁਲਾਇਆ ਗਿਆ। ਵਿਧਾਇਕ ਬੈਂਸ ਨੇ ਦੋਸ਼ ਲਗਾਇਆ ਕਿ ਸ਼ਰਾਬ ਮਾਫੀਆ ਸਰਕਾਰ ਦੇ ਇਸ਼ਾਰੇ ’ਤੇ ਹੀ ਜ਼ਹਿਰੀਲੀ ਅਤੇ ਮਿਆਦ ਪੁਗਾ ਚੁੱਕੀ ਬੀਅਰ ਅਤੇ ਸ਼ਰਾਬ ਦੀਆਂ ਬੋਤਲਾਂ ਵੇਚਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਮਾਮਲੇ ਵਿੱਚ ਸਬੰਧਤ ਠੇਕੇਦਾਰ, ਠੇਕੇ ਦੇ ਕਰਿੰਦਿਆਂ ਸਮੇਤ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦੇ ਖਿਲਾਫ ਜੇਕਰ 24 ਘੰਟਿਆਂ ਦੌਰਾਨ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਲੋਕ ਇਨਸਾਫ ਪਾਰਟੀ ਖੰਨਾ ਜੀਟੀ ਰੋਡ ’ਤੇ ਧਰਨਾ ਲਗਾਉਣ ਦੇ ਨਾਲ ਨਾਲ ਪ੍ਰਦਰਸ਼ਨ ਕਰੇਗੀ।
ਲੋਕ ਇਨਸਾਫ਼ ਪਾਰਟੀ ਵੱਲੋਂ ਮਿਆਦ ਪੁੱਗੀ ਬੀਅਰ ਵੇਚਣ ਖ਼ਿਲਾਫ਼ ਧਰਨਾ
ਖੰਨਾ (ਜੋਗਿੰਦਰ ਸਿੰਘ ਓਬਰਾਏ): ਕਰੋਨਾ ਦੇ ਮੱਦੇਨਜ਼ਰ ਜਿੱਥੇ ਪੰਜਾਬ ’ਚ ਨਕਲੀ ਸ਼ਰਾਬ ਕਾਰਨ ਹੋਈਆ ਮੌਤਾਂ ਸਬੰਧੀ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਉੱਥੇ ਸਰਕਾਰ ਠੇਕਿਆਂ ਅਤੇ ਸ਼ਰਾਬ ਦੀ ਗੁਣਵੱਤਾ ਵੱਲ ਅਜੇ ਵੀ ਧਿਆਨ ਨਹੀਂ ਦੇ ਰਹੀ। ਕੱਲ੍ਹ ਦੇਰ ਸ਼ਾਮ ਇਥੋਂ ਦੇ ਮਲੇਰਕੋਟਲਾ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ਦੇ ਬਾਹਰ ਲੋਕ ਇਨਸਾਫ਼ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸਰਬਜੀਤ ਸਿੰਘ ਕੰਗ ਸੀਆਰ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਗਿਆਸਪੁਰਾ ਨੇ ਠੇਕੇ ਵਿੱਚ ਮਿਆਦ ਪੁੱਗੀ ਬੀਅਰ ਵੇਚਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਵਿਅਕਤੀ ਠੇਕੇ ’ਚੋਂ ਬੀਅਰ ਲੈ ਕੇ ਗਿਆ ਸੀ, ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਬੀਅਰ ਦੀ ਮਿਆਦ ਲੰਘ ਚੁੱਕੀ ਹੈ।
ਬੇਰੁਜ਼ਗਾਰ ਸਿਹਤ ਵਰਕਰਾਂ ਵੱਲੋਂ ਬੈਂਸ ਨੂੰ ਮੰਗ ਪੱਤਰ
ਪਾਇਲ (ਪੱਤਰ ਪ੍ਰੇਰਕ): ਬੇਰੁਜ਼ਗਾਰ ਸਿਹਤ ਵਰਕਰਾਂ ਵੱਲੋਂ ਭਾਡੇਵਾਲ ਪੁਲ ਦੀਆਂ ਦੀਵਾਰਾਂ ’ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇ ਲਿਖਣ ਉਪਰੰਤ ਅਸਾਮੀਆਂ ਵਿਚ ਵਾਧਾ ਕਰਕੇ ਉਮਰ ਹੱਦ ਵਿਚ ਛੋਟ ਦੇ ਕੇ ਬੇਰੁਜ਼ਗਾਰਾਂ ਦੀ ਭਰਤੀ ਕਰਨ ਸਬੰਧੀ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਿਆ ਗਿਆ। ਸ੍ਰੀ ਬੈਂਸ ਨੇ ਉਨ੍ਹਾਂ ਦੀਆਂ ਮੰਗਾਂ ਪੰਜਾਬ ਵਿਧਾਨ ਸਭਾ ਸੈਸ਼ਨ ’ਚ ਉਠਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹਲਕਾ ਇੰਚਾਰਜ ਇੰਜ: ਮਨਵਿੰਦਰ ਸਿੰਘ ਗਿਆਸਪੁਰਾ, ਸੁਰਿੰਦਰਪਾਲ ਸਿੰਘ ਸੋਨੀ, ਜਸਵੀਰ ਸਿੰਘ, ਰਾਮਸ਼ਰਨ ਸਿੰਘ, ਕੁਲਵਿੰਦਰ ਸਿੰਘ (ਸਾਰੇ ਬੇਰੁਜ਼ਗਾਰ) ਸਮੇਤ ਹੋਰ ਹਾਜ਼ਰ ਸਨ।