ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਸਤੰਬਰ
ਪੰਜਾਬ ਪੁਲੀਸ ਦੀ ਵਰਦੀ ਪਾ ਕੇ ਜੇਬ ’ਚੋਂ ਸ਼ਰਾਬ ਕੱਢ ਕੇ ਸ਼ਰ੍ਹੇਆਮ ਪੀਣ ਦੀ ਐਕਟਿੰਗ ਕਰਨੀ ਇੱਕ ਵਿਅਕਤੀ ਨੂੰ ਕਾਫ਼ੀ ਮਹਿੰਗੀ ਪੈ ਗਈ। ਪੁਲੀਸ ਦਾ ਅਕਸ ਖਰਾਬ ਕਰਨ ਦੇ ਮਾਮਲੇ ’ਚ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਨੇ ਐਮਆਈਜੀ ਫਲੈਟ ’ਚ ਰਹਿਣ ਵਾਲੇ ਕੁਲਵੰਤ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ’ਚ ਮੁਲਜ਼ਮ ਜੇਬ ’ਚੋਂ ਸ਼ਰਾਬ ਦੀ ਬੋਤਲ ਕੱਢ ਕੇ ਪੀਂਦਾ ਦਿਖਾਈ ਦਿੰਦਾ ਹੈ ਤੇ ਸ਼ਰਾਬ ਨੂੰ ਕਰੋਨਾ ਦੀ ਦਵਾਈ ਦੱਸਦਾ ਹੈ। ਮੁਲਜ਼ਮ ਦੇ ਖਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ।