ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਮਈ
ਦੱਖਣੀ ਬਾਈਪਾਸ ਰੋਡ ’ਤੇ ਦੁੱਗਰੀ ਪੁਲ ਦੇ ਨੇੜੇ ਐਤਵਾਰ ਦੀ ਦੇਰ ਰਾਤ ਤੇਜ਼ ਰਫ਼ਤਾਰ ਟਰਾਲੇ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟਰਾਲਾ ਚਾਲਕ ਗੱਡੀ ਨੂੰ ਕਰੀਬ 100 ਮੀਟਰ ਤੱਕ ਘਸੀਟਦਾ ਲੈ ਗਿਆ। ਗੱਡੀ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ, ਜਦੋਂਕਿ ਉਸ ਦੇ ਪੁਰਜ਼ੇ ਕਈ ਥਾਵਾਂ ’ਤੇ ਖਿੱਲਰ ਗਏ। ਉਧਰ ਟਰਾਲੇ ਦਾ ਅਗਲਾ ਹਿੱਸਾ ਵੀ ਪਿੱਛੇ ਨੂੰ ਮੁੜ ਗਿਆ। ਹਾਦਸੇ ਤੋਂ ਤੁਰੰਤ ਬਾਅਦ ਮੁਲਜ਼ਮ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਰਾਹਗੀਰਾਂ ਨੇ ਗੱਡੀ ਚਾਲਕ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ। ਜਿੱਥੇ ਉਸ ਦੀ ਹਾਲਤ ਦੇਖਦੇ ਹੋਏ ਉਸ ਨੂੰ ਡੀਐੱਮਸੀ ਰੈਫ਼ਰ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾ ਵੱਡਾ ਹਾਦਸਾ ਹੋ ਗਿਆ ਤੇ ਸਾਰੀ ਰਾਤ ਟਰਾਲਾ ਖੜ੍ਹਾ ਰਿਹਾ। ਥਾਣਾ ਦੁੱਗਰੀ ਦੀ ਪੁਲੀਸ ਨੂੰ ਸਵੇਰੇ 10 ਵਜੇ ਇਸ ਘਟਨਾ ਦਾ ਪਤਾ ਲੱਗਿਆ। ਇਸ ਤੋਂ ਬਾਅਦ 2 ਪੁਲੀਸ ਮੁਲਾਜ਼ਮ ਪੁੱਜੇ ਤੇ ਉਨ੍ਹਾਂ ਜਾਂਚ ਕੀਤੀ ਤੇ ਵਾਪਸ ਚਲੇ ਗਏ। ਜ਼ਖਮੀ ਦੀ ਪਛਾਣ ਦੁੱਗਰੀ ਵਾਸੀ ਦਵਿੰਦਰ ਸਿੰਘ ਵਜੋਂ ਹੋਈ ਹੈ। ਕਾਰ ਚਾਲਕ ਦੇਰ ਰਾਤ ਇੱਥੋਂ ਗਲਤ ਤਰੀਕੇ ਨਾਲ ਕਾਰ ਦਾ ਮੋੜ ਕੱਟ ਰਿਹਾ ਸੀ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਦਵਿੰਦਰ ਸਿੰਘ ਦਾ ਜਨਕਪੁਰੀ ਇਲਾਕੇ ’ਚ ਸਾੜੀਆਂ ਦਾ ਸ਼ੌਅਰੂਮ ਹੈ। ਉਹ ਐਤਵਾਰ ਨੂੰ ਦੁਕਾਨ ਬੰਦ ਕਰ ਆਪਣੇ ਦੁੱਗਰੀ ਸਥਿਤ ਘਰ ਜਾ ਰਿਹਾ ਸੀ। ਜਦੋ ਦਵਿੰਦਰ ਸਿੰਘ ਆਪਣੀ ਗੱਡੀ ਘਰ ਜਾਣ ਲਈ ਘੁਮਾ ਰਿਹਾ ਸੀ। ਇਸੇ ਦੌਰਾਨ ਟਰਾਲਾ ਢਲਾਨ ਉਤਾਰ ਰਿਹਾ ਸੀ ਤੇ ਸਿੱਧਾ ਗੱਡੀ ਨਾਲ ਟਕਰਾ ਗਿਆ। ਥਾਣਾ ਦੁੱਗਰੀ ਦੇ ਐੱਸਐੱਚਓ ਸਬ ਇੰਸਪੈਕਟਰ ਨੀਰਜ ਚੌਧਰੀ ਨੇ ਲੋਕਾਂ ਵੱਲੋਂ ਸਵੇਰ ਤੱਕ ਨਾ ਆਉਣ ਦੇ ਲਾਏ ਦੋਸ਼ਾਂ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪਤਾ ਲੱਗਿਆ, ਪੁਲੀਸ ਦੀ ਟੀਮ ਉੱਥੇ ਪੁੱਜ ਗਈ ਸੀ।
ਗਲਤ ਬਣਿਆ ਹੋਇਆ ਹੈ ਕੱਟ
ਉਥੇਂ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲੀਸ ਵੱਲੋਂ ਟਰੈਫਿਕ ਕੋਨ ਲਾਏ ਗਏ ਹਨ ਤਾਂ ਕਿ ਲੋਕ ਯੂ-ਟਰਨ ਨਾ ਲੈਣ, ਜਦੋਂ ਕਿ ਕਰੀਬ 100 ਮੀਟਰ ਅੱਗੇ ਪੁਲ ਦੇ ਥੱਲਿਓਂ ਯੂ-ਟਰਨ ਦਾ ਰਸਤਾ ਦਿੱਤਾ ਗਿਆ ਹੈ, ਪਰ ਲੋਕ ਆਪਣਾ 2 ਤੋਂ 3 ਮਿੰਟ ਦਾ ਸਮਾਂ ਬਚਾਉਣ ਦੇ ਚੱਕਰ ’ਚ ਉਥੋਂ ਯੂ-ਟਰਨ ਲੈ ਲੈਂਦੇ ਹਨ। ਇਸ ਕਾਰਨ ਹਾਦਸੇ ਹੁੰਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਪਹਿਲਾਂ ਵੀ ਮੰਗ ਕੀਤੀ ਹੈ ਕਿ ਇਸ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਵੇ, ਪਰ ਪ੍ਰਸ਼ਾਸਨ ਨੇ ਅਣਸੁਣੀ ਕਰ ਦਿੱਤੀ।