ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਮਾਰਚ
ਨੇੜਲੇ ਦੇਹੜਕਾ ਵਿੱਚ ਸਮੁੱਚੇ ਨਗਰ ਨਿਵਾਸੀਆਂ ਨੇ ਦੂਜਾ ਮੈਡੀਕਲ ਕੈਂਪ ਲਾਇਆ, ਜਿਸ ’ਚ ਅੱਖਾਂ ਦੇ ਮਾਹਰ ਡਾ. ਰੋਹਿਤ ਅਰੋੜਾ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ 230 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਲੋੜਵੰਦਾਂ ਨੂੰ ਮੁਫ਼ਤ ਦਵਾਈ ਦਿੱਤੀ ਗਈ ਅਤੇ ਜਿਹੜੇ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਲੋੜੀਂਦੇ ਹਨ ਉਨ੍ਹਾਂ ਦੀ ਚੋਣ ਕੀਤੀ ਗਈ। ਇਨ੍ਹਾਂ 55 ਮਰੀਜ਼ਾਂ ਦੇ ਆਪਰੇਸ਼ਨ ਵੀ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੁਫ਼ਤ ਕਰਵਾਏ ਜਾਣਗੇ। ਕੈਂਪ ਦਾ ਉਦਘਾਟਨ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਰਨਾ ਸੀ ਪਰ ਉਨ੍ਹਾਂ ਦੇ ਅੱਜ ਮੁਹਾਲੀ ਵਿਖੇ ਪਾਰਟੀ ਮੀਟਿੰਗ ’ਚ ਸ਼ਮੂਲੀਅਤ ਕਰਨ ਲਈ ਚਲੇ ਜਾਣ ਕਰਕੇ ਉਨ੍ਹਾਂ ਦੇ ਸਾਥੀ ਪ੍ਰੀਤਮ ਸਿੰਘ ਅਖਾੜਾ ਨੇ ਕੀਤਾ। ਵਿਧਾਇਕਾ ਮਾਣੂੰਕੇ ਨੇ ਆਪਣੇ ਵੱਲੋਂ 5100 ਰੁਪਏ ਵੀ ਕੈਂਪ ਲਈ ਪ੍ਰੀਤਮ ਅਖਾੜਾ ਰਾਹੀਂ ਦਿੱਤੇ ਅਤੇ ਇਹ ਸਨੇਹਾ ਵੀ ਭੇਜਿਆ ਕਿ ਜਲਦ ਉਹ ਧੰਨਵਾਦੀ ਦੌਰਾ ਕਰਨ ਪਹੁੰਚਣਗੇ। ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ ਤੋਂ ਇਲਾਵਾ ਸੁਖਵਿੰਦਰ ਸਿੰਘ, ਸੁਖਮੰਦਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਕੈਨੇਡਾ, ਅਮਰ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਨੇ ਕੈਂਪ ’ਚ ਯੋਗਦਾਨ ਪਾਇਆ। ਉਦਘਾਟਨ ਸਮੇਂ ਸ੍ਰੀ ਅਖਾੜਾ ਨੇ ਕਿਹਾ ਕਿ ਅਜਿਹੇ ਕੈਂਪ ਲੋੜਵੰਦ ਲੋਕਾਂ ਲਈ ਸਹਾਈ ਸਿੱਧ ਹੁੰਦੇ ਹਨ।