ਮੰਡੀ ਅਹਿਮਦਗੜ੍ਹ: ਇੱਥੋਂ ਦੇ ਹਿੰਦ ਹਸਪਤਾਲ ਵਿਚ ਚਾਰ ਦਿਨ ਪਹਿਲਾਂ ਫੌਤ ਹੋਏ ਸਾਬਕਾ ਫੌਜੀ ਅਤੇ ਕੈਨੇਡੀਅਨ ਸਿਟੀਜ਼ਨ ਬਾਵਾ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਬਜਾਇ ਪਰਿਵਾਰ ਨੇ ਮੈਡੀਕਲ ਅਧਿਐਨ ਲਈ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਦਾਨ ਕਰ ਦਿੱਤੀ ਹੈ। ਮ੍ਰਿਤਕ ਦੀਆਂ ਅੱਖਾਂ ਮੌਤ ਤੋਂ ਥੋੜ੍ਹੀ ਦੇਰ ਬਾਅਦ ਹੀ ਸ਼ੁੱਕਰਵਾਰ ਨੂੰ ਡਾਕਟਰਾਂ ਦੀ ਟੀਮ ਬੁਲਾ ਕੇ ਦਾਨ ਕਰ ਦਿੱਤੀਆਂ ਗਈਆਂ ਸਨ। 1944 ਵਿੱਚ ਪਾਕਿਸਤਾਨ ਦੇ ਲਾਇਲਪੁਰ ਵਿਚ ਪੈਦਾ ਹੋਏ ਬਾਵਾ ਸਿੰਘ ਇੰਡੀਅਨ ਆਰਮੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕੈਨੇਡਾ ਚਲੇ ਗਏ ਸਨ। ਜ਼ਿੰਦਗੀ ਦੇ ਆਖ਼ਰੀ ਸਮੇਂ ਆਪਣੇ ਪੁੱਤਰ ਡਾ ਜਗਜੀਤ ਸਿੰਘ ਐੱਸਐੱਮਓ ਜ਼ਿਲ੍ਹਾ ਹਸਪਤਾਲ ਮਾਲੇਰਕੋਟਲਾ ਕੋਲ ਰਹਿਣ ਆ ਗਏ ਸਨ। ਸ਼ੁੱਕਰਵਾਰ ਨੂੰ ਸਥਾਨਕ ਹਿੰਦ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। -ਪੱਤਰ ਪ੍ਰੇਰਕ