ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਮਈ
ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਅੱਜ ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਭਾਈ ਤਾਰਬਲਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਕੀਤਾ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਸ਼ਪਾਲ ਸਿੰਘ ਨੇ ਮਹਾਨ ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਦੀ ਧਰਤੀ ਨੂੰ ਫਤਹਿ ਕਰਨ ਦੇ ਇਤਿਹਾਸ ਉਪਰ ਰੋਸ਼ਨੀ ਪਾਈ। ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਨੇ ਕੀਰਤਨੀ ਜਥੇ ਦਾ ਸਨਮਾਨ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਪ੍ਰਿਤਪਾਲ ਸਿੰਘ, ਬਲਬੀਰ ਸਿੰਘ ਭਾਟੀਆ, ਮਨਜੀਤ ਸਿੰਘ ਟੋਨੀ ਆਦਿ ਵੀ ਹਾਜ਼ਰ ਸਨ। ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਖੇ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁੱਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਨਾਮ ਅਭਿਆਸ ਸਮਾਗਮ ਹੋਇਆ। ਜਿਸ ਵਿੱਚ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕੀਤਾ। ਉਪਰੰਤ ਸੰਤ ਬਾਬਾ ਅਮੀਰ ਸਿੰਘ ਨੇ ਸੰਗਤ ਨੂੰ ਨਾਮ ਸਿਮਰਨ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ। ਉਨ੍ਹਾਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਕਿਹਾ ਕਿ ਇਸ ਸਮੇਂ ਕੇਵਲ ਪ੍ਰਮਾਤਮਾ ਦਾ ਨਾਮ ਹੀ ਸਾਡੀ ਰੱਖਿਆ ਕਰ ਸਕਦਾ ਹੈ ਅਤੇ ਸੰਗਤ ਲੋਕਡਾਊਨ ਵਿੱਚ ਘਰ ਬੈਠਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰੇ।