ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਫਰਵਰੀ
ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪ੍ਰਿੰ. ਪ੍ਰੇਮ ਸਿੰਘ ਬਜਾਜ ਦੇ ਪਰਿਵਾਰ ਦੇ ਸਹਿਯੋਗ ਨਾਲ ਉਨ੍ਹਾਂ ਦੇ 90ਵੇਂ ਜਨਮ ਦਿਨ ਮੌਕੇ ਸੁਰਿੰਦਰ ਦੀਪ ਦੀ ਕਿਤਾਬ ‘ਪੁਸਤਕ ਪ੍ਰੇਮੀ: ਪ੍ਰੇਮ ਸਿੰਘ ਬਜਾਜ ਇਕ ਅਧਿਐਨ’ ਲੋਕ ਅਰਪਣ ਤੇ ਗੋਸ਼ਟੀ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਡਾ. ਸੁਰਜੀਤ ਪਾਤਰ, ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ, ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸਕੱਤਰ ਡਾ. ਗੁਰਇਕਬਾਲ ਸਿੰਘ, ਪ੍ਰਿੰ. ਬਜਾਜ ਦੀ ਪਤਨੀ ਆਗਿਆ ਕੌਰ, ਪੁੱਤਰ ਤੇਜਿੰਦਰ ਸਿੰਘ ਤੇ ਪੁਸਤਕ ਦੀ ਲੇਖਿਕਾ ਸੁਰਿੰਦਰ ਦੀਪ ਸ਼ਾਮਲ ਸਨ। ਇਸ ਮੌਕੇ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਸ੍ਰੀ ਬਜਾਜ ਦੀ ਮਿਹਨਤ ਅਕਾਡਮੀ ਦੇ ਕਣ-ਕਣ ਵਿੱਚੋਂ ਨਜ਼ਰ ਆਉਂਦੀ ਹੈ। ਸੁਰਿੰਦਰ ਦੀਪ ਨੇ ਇਹ ਕਿਤਾਬ ਸ੍ਰੀ ਬਜਾਜ ਦੀ ਸਰਪ੍ਰਸਤੀ ਅਧੀਨ ਅਤੇ ਉਨ੍ਹਾਂ ਦੀਆਂ ਡਾਇਰੀਆਂ ਅਤੇ ਲਿਖਤਾਂ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਗਈ ਹੈ। ਇਸ ਨੂੰ ਪੜ੍ਹ ਕੇ ਮਿਹਨਤ ਕਰਨ ਦੀ ਪ੍ਰੇਰਨਾ ਪ੍ਰਾਪਤ ਹੁੰਦੀ ਹੈ। ਸਮਾਗਮ ਦੇ ਆਰੰਭ ਵਿਚ ਪ੍ਰਿੰ. ਬਜਾਜ ਦੀ ਪੋਤਰੀ ਗੁਨੀਤ ਕੌਰ ਬਜਾਜ ਨੇ ਨਜ਼ਮ ਪੇਸ਼ ਕੀਤੀ ਤੇ ਦੋਹਤ ਨੂੰਹ ਪ੍ਰਭਲੀਨ ਨੇ ਕਵਿਤਾ ਪੜ੍ਹੀ। ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਪੇਪਰ ਪੇਸ਼ ਕਰਦਿਆਂ ਪ੍ਰਿੰ. ਬਜਾਜ ਦੀ ਸ਼ਖ਼ਸ਼ੀਅਤ ਬਾਰੇ ਜਾਣਕਾਰੀ ਦਿੱਤੀ। ਡਾ. ਗੁਰਚਰਨ ਕੌਰ ਕੋਚਰ ਨੇ ਸ੍ਰੀ ਬਜਾਜ ਦੇ ਜੀਵਨ ਦੀ ਬਾਤ ਪਾਈ। ਆਗਿਆ ਕੌਰ ਨੂੰ ਅਕਾਡਮੀ ਵੱਲੋਂ ਸ਼ਾਲ, ਪੁਸਤਕਾਂ ਦਾ ਸੈੱਟ ਤੇ ਗੁਲਦਸਤਾ ਦੇ ਕੇ ਸਨਮਾਨਿਆ ਗਿਆ।
ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਨੇ ਕਿਹਾ ਪ੍ਰਿੰ. ਬਜਾਜ ਫ਼ਰਿਸ਼ਤਾ ਸੀਰਤ ਇਨਸਾਨ ਸਨ। ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਜੀਵਨੀ ਦਾ ਕੰਮ ਸੁਰਿੰਦਰ ਦੀਪ ਨੇ ਸਫ਼ਲਤਾ ਨਾਲ ਨੇਪਰੇ ਚਾੜ੍ਹਿਆ ਹੈ। ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਬੜੇ ਚਿਰ ਦੀ ਰੀਝ ਸੀ ਕਿ ਸ੍ਰੀ ਬਜਾਜ ਦੇ ਜੀਵਨ-ਬਿਰਤਾਂਤ ਨੂੰ ਸ਼ਬਦਾਂ ਵਿਚ ਬੀੜਿਆ ਜਾਵੇ। ਮੰਚ ਸੰਚਾਲਨ ਡਾ. ਗੁਰਇਕਬਾਲ ਸਿੰਘ ਨੇ ਕੀਤਾ। ਇਸ ਵਿਚਾਰ ਚਰਚਾ ਵਿਚ ਇੰਜ. ਕਰਮਜੀਤ ਸਿੰਘ ਔਜਲਾ, ਮਲਕੀਅਤ ਸਿੰਘ ਔਲਖ, ਗੁਰਚਰਨ ਸਿੰਘ ਨਰੂਲਾ, ਮਾਸਟਰ ਤਰਲੋਚਨ ਸਿੰਘ, ਡਾ. ਗੁਰਪ੍ਰੀਤ ਕੌਰ ਨੇ ਪ੍ਰਿੰ. ਬਜਾਜ ਜੀ ਨਾਲ ਜੁੜੀਆਂ ਯਾਦਾਂ ਦੇ ਹਵਾਲੇ ਨਾਲ ਉਨ੍ਹਾਂ ਦੀ ਸ਼ਖ਼ਸੀਅਤ ’ਤੇ ਚਾਨਣਾ ਪਾਇਆ। ਬਜਾਜ ਦੇ ਪਰਿਵਾਰ ਵੱਲੋਂ ਪ੍ਰਧਾਨਗੀ ਮੰਡਲ ਤੇ ਪੁਸਤਕ ਦੀ ਲੇਖਿਕਾ ਸੁਰਿੰਦਰ ਦੀਪ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।