ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਸਤੰਬਰ
ਸਾਰਾਗੜ੍ਹੀ ਫਾਊਡੇਸ਼ਨ ਵੱਲੋਂ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ 124ਵੀਂ ਵਰੇਗੰਢ ਮੌਕੇ ਮਾਸਟਰ ਤਾਰਾ ਸਿੰਘ ਯਾਦਗਾਰੀ ਕਾਲਜ ਵਿੱਖੇ ਸਮਾਗਮ ਕੀਤਾ ਗਿਆ ਜਿਸ ਵਿੱਚ ਸਾਕਾ ਸਾਰਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜੀਮੈਂਟ ਦੇ ਬਹਾਦਰ 21 ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਸਾਕਾ ਸਾਰਾਗੜ੍ਹੀ ਦੇ ਸ਼ਹੀਦ ਸਾਹਿਬ ਸਿੰਘ ਰੈਂਕ ਨੰਬਰ 182 ਦੀ ਚੌਥੀ ਪੀੜ੍ਹੀ ਦੇ ਵਾਰਿਸਾਂ ਬੀਬਾ ਜਸਵਿੰਦਰ ਕੌਰ, ਜਗਦੀਪਕ ਸਿੰਘ, ਹਰਮਨਪ੍ਰੀਤ ਕੌਰ, ਸਵਰਨਜੀਤ ਕੌਰ ਤੇ ਹਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ (ਰਿਟਾ.) ਜਤਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਵਰਗੀਆਂ ਮਿਸਾਲਾਂ ਵਿਰਲੀਆਂ ਹੀ ਮਿਲਦੀਆਂ ਹਨ ਕਿ ਕਿਵੇਂ 21 ਅਣਖੀਲੇ, ਬਹਾਦਰ ਸੂਰਮਿਆਂ ਨੇ 12 ਸਤੰਬਰ 1897 ਨੂੰ ਆਪਣੇ ਤੋਂ 500 ਗੁਣਾਂ ਵੱਧ ਹਥਿਆਰਾਂ ਨਾਲ ਲੈਸ ਕਬਾਇਲੀ ਅਫ਼ਗਾਨੀਆਂ ਤੇ ਪਠਾਣਾਂ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਪ੍ਰਦਰਸ਼ਨ ਕੀਤਾ।
ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਦੀ ਮਹੱਤਤਾ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਮਨੋਰਥ ਨੂੰ ਲੈ ਕੇ ਫਾਊਂਡੇਸ਼ਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਰਨਲ ਕੇਐਸ ਕੁੰਡਲ, ਕਰਨਲ ਡੀਐਸ ਗਰੇਵਾਲ, ਸੁਖਦੇਵ ਸਿੰਘ ਲਾਜ ਤੇ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਸਮੁੱਚੇ ਦੇਸ਼ ਦੇ ਸਕੂਲੀ ਸਿਲੇਬਸ ਦਾ ਹਿੱਸਾ ਬਣਾਉਣ ਲਈ ਠੋਸ ਉਪਰਾਲੇ ਕੀਤੇ ਜਾਣ।