ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਸਤੰਬਰ
ਪੀਸੀਈਈ ਗਰੁੱਪ ਆਫ ਇੰਸਟੀਚਿਊਟ ਦੀ ਟਰੈਵਲ ਐਂਡ ਟੂਰਿਜ਼ਮ ਅਤੇ ਹੋਟਲ ਮੈਨੇਜਮੈਂਟ ਦੀ ਫੈਕਲਟੀ ਨੇ ਵਿਸ਼ਵ ਸੈਰ ਸਪਾਟਾ ਦਿਵਸ ਦੇ ਮੌਕੇ ਸਮਾਗਮ ਕਰਵਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਨਾਲ ਨਾਲ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਦੇ ਸੱਭਿਆਚਾਰ, ਭੋਜਨ ਅਤੇ ਟੂਰ ਯੋਜਨਾਵਾਂ ਨੂੰ ਪ੍ਰਦਰਸ਼ਿਤ ਕੀਤਾ। ਇਸ ਮੌਕੇ ਸ਼ੈੱਫ ਨੀਲੂ ਕੌੜਾ, ਸ਼ੈੱਫ ਬਾਲੀ, ਸੁਖਕਰਨ ਗਿੱਲ ਅਤੇ ਐਲਿਜ਼ਾਬੈਬ ਜੇਮਜ਼ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਨੇ ਅਮਰੀਕਾ ਦੀ ਨੁਮਾਇੰਦਗੀ ਲਈ ਕਲਾਸਿਕ ਬਫੇਲੋ ਵਿੰਗਜ਼, ਕੈਂਟਕੀਜ਼ ਫਰਾਈਡ ਚਿਕਨ, ਹਨੀ ਜਰਕ ਸੈਂਡਵਿਚ ਆਦਿ ਪਕਵਾਨ ਤਿਆਰ ਕੀਤੇ। ਇਟਲੀ ਦੇ ਪਕਵਾਨ ਐਂਟੀਪਾਸਤੀ, ਕਲਾਸਿਕ ਗਨੋਚੀ ਅਤੇ ਤਿਰਾਮਿਸੂ ਆਦਿ ਪਕਵਾਨਾਂ ਨਾਲ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਆਈਐਚਐਮ ਦੇ ਡੀਨ ਅਨਿਰਬਾਨ ਗੁਪਤਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਹੱਥੀਂ ਅਨੁਭਵ ਹਾਸਲ ਕਰਨ ਵਿੱਚ ਮਦਦ ਕਰਦੀਆਂ ਹਨ। ਸੰਸਥਾ ਦੇ ਡਾਇਰੈਕਟਰ ਜਨਰਲ ਡਾ. ਕੇਐਨਐਸ ਕੰਗ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਲਈ ਭਵਿੱਖ ਦੀਆਂ ਸੰਭਾਵਨਾਵਾਂ ਵਿੱਚ ਸਹਾਈ ਹੁੰਦੇ ਹਨ।