ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਮਾਰਚ
ਅਖ਼ਬਾਰ ਵਿਕਰੇਤਾ ਰਣਜੀਤ ਸਿੰਘ ਮੀਰਪੁਰ ਹਾਂਸ ਦੀ 25 ਸਾਲਾ ਮੁਟਿਆਰ ਧੀ ਕੁਲਜੀਤ ਕੌਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਲੋੜੀਂਦੀ ਫੋਰੈਂਸਿਕ ਰਿਪੋਰਟ ਡੇਢ ਸਾਲ ਬਾਅਦ ਵੀ ਅਦਾਲਤ ਵਿਚ ਪੇਸ਼ ਨਾ ਕਰਨ ਵਾਲੀ ਥਾਣਾ ਸੁਧਾਰ ਦੀ ਪੁਲੀਸ ਹੁਣ ਖ਼ੁਦ ਕਟਹਿਰੇ ਵਿਚ ਖੜ੍ਹੀ ਹੈ। ਕੁਲਜੀਤ ਕੌਰ ਦੀ ਮੌਤ ਬਾਰੇ ਥਾਣਾ ਸੁਧਾਰ ਦੀ ਪੁਲੀਸ ਨੇ 24 ਅਗਸਤ 2019 ਨੂੰ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਉਧਰ ਕੇਸ ਦੇ ਇਕ ਮੁਲਜ਼ਮ ਤਪਿੰਦਰ ਸਿੰਘ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਥਾਣੇ ਦੇ ਚੱਕਰ ਮਾਰਦਿਆਂ ਹਾਰ ਗਏ ਕੁਲਜੀਤ ਕੌਰ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਡਾਕਟਰਾਂ ਨੇ ਮੁਹਾਲੀ ਸਥਿਤ ਫੋਰੈਂਸਿਕ ਲੈਬ ਨੂੰ ਨਮੂਨੇ ਭੇਜ ਦਿੱਤੇ ਸਨ। ਉਧਰ ਥਾਣੇਦਾਰ ਅਜਾਇਬ ਨੇ ਕਿਹਾ ਕਿ ਚਲਾਨ ਪੇਸ਼ ਕਰਨ ਬਾਅਦ ਉਨ੍ਹਾਂ ਦੀ ਬਦਲੀ ਹੋ ਗਈ ਸੀ, ਕੇਸ ਦੀ ਮੌਜੂਦਾ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੁੱਦਈ ਧਿਰ ਦੇ ਨਿੱਜੀ ਵਕੀਲ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਰਿਪੋਰਟ ਹਾਸਲ ਕਰ ਕੇ ਜਲਦੀ ਅਦਾਲਤ ਵਿਚ ਪੇਸ਼ ਕਰੇ, ਪਰ ਇਸ ਮਾਮਲੇ ਵਿਚ ਡੇਢ ਸਾਲ ਤੱਕ ਰਿਪੋਰਟ ਪੇਸ਼ ਨਾ ਕਰਨ ਬਦਲੇ ਜੇ ਮੁਲਜ਼ਮਾਂ ਨੂੰ ਲਾਭ ਮਿਲਦਾ ਹੈ ਤਾਂ ਇਹ ਪੁਲੀਸ ਦੀ ਹੀ ਜ਼ਿੰਮੇਵਾਰੀ ਬਣਦੀ ਹੈ। ਮੌਜੂਦਾ ਥਾਣਾ ਸੁਧਾਰ ਦੇ ਮੁਖੀ ਜਸਵੀਰ ਸਿੰਘ ਬੁੱਟਰ ਨੇ ਕਿਹਾ ਕਿ ਫੋਰੈਂਸਿਕ ਲੈਬ ਤੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਜਾਣਕਾਰੀ ਨਹੀਂ ਆਈ ਹੈ। ਸੰਗੀਨ ਅਪਰਾਧ ਦੇ ਇਸ ਮਾਮਲੇ ਬਾਰੇ ਉਨ੍ਹਾਂ ਹੁਣ ਕਿਹਾ ਕਿ ਉਹ ਖ਼ੁਦ ਦਿਲਚਸਪੀ ਲੈ ਕੇ ਰਿਪੋਰਟ ਹਾਸਲ ਕਰਨ ਲਈ ਯਤਨ ਕਰਨਗੇ।