ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੁਲਾਈ
ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਦੀਆਂ ਪਟੜੀਆਂ ਨੂੰ ਹਰਾ-ਭਰਾ ਬਣਾਉਣ ਦਾ ਕੰਮ 15 ਸਾਲ ਬੀਤ ਜਾਣ ’ਤੇ ਵੀ ਜਿਉਂ ਦਾ ਤਿਉਂ ਦਿਖਾਈ ਦੇ ਰਿਹਾ ਹੈ। ਇਹ ਜਾਣਕਾਰੀ ਪਿਛਲੇ ਕਰੀਬ 20 ਸਾਲਾਂ ਤੋਂ ਵਾਤਾਵਰਨ ਜਾਗਰੂਕਤਾ ਅਭਿਆਨ ਚਲਾਉਣ ਵਾਲੇ ਸਮਾਜ ਸੇਵੀ ਜਗਜੀਤ ਸਿੰਘ ਮਾਨ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਹ ਪੰਜਾਬ ਦੇ ਜਲ ਜੰਗਲ, ਜ਼ਮੀਨ ਤੇ ਹਵਾ ਵਿੱਚ ਆਏ ਨਿਘਾਰ ਹਿੱਤ ਪੰਜਾਬ ਦੀਆਂ ਸਰਕਾਰਾਂ, ਵਾਤਾਵਰਨ ਸਬੰਧੀ ਮਹਿਕਮੇ ਅਤੇ ਵਾਤਾਵਰਨ ਸਬੰਧੀ ਹੋਰ ਏਜੰਸੀਆਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਹੈ।
ਸ੍ਰੀ ਮਾਨ ਨੇ ਦੱਸਿਆ ਕਿ ਜੁਲਾਈ 2007 ਵਿੱਚ ਬੁੱਢੇ ਨਾਲੇ ਦੀਆਂ ਪਟੜੀਆਂ ਨੂੰ ਹਰਾ ਭਰਾ ਬਣਾਉਣ ਅਤੇ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਮੰਤਵ ਨਾਲ ਸਰਕਾਰ ਵੱਲੋਂ ਪਿੰਡ ਕੂਮ ਕਲਾਂ ਵਿੱਚ ਵੱਡਾ ਸਰਕਾਰੀ ਸਮਾਗਮ ਰੱਖਿਆ ਗਿਆ ਸੀ। ਸਮਾਗਮ ਵਿੱਚ ਤਤਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ੁਦ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਵਾਤਾਵਰਨਿਕ ਸੁਧਾਰਾਂ ਹਿਤ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ। ਪਰ ਅਫਸੋਸ ਅੱਜ ਵੀ ਬੁੱਢੇ ਨਾਲੇ ਦੀ ਸਥਿਤੀ ਜਿਉਂ ਦੀ ਤਿਉਂ ਹੈ। ਇਸ ਦੇ ਕਿਸੇ ਵੀ ਕਿਨਾਰੇ ’ਤੇ ਕੋਈ ਹਰਾ-ਭਰਾ ਦਰਖਤ ਦਿਖਾਈ ਨਹੀਂ ਦਿੰਦਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੇਂਦਰ ਵੱਲੋਂ ਮੰਤਰੀ ਜੈ ਰਾਮ ਰਮੇਸ਼ ਵੀ ਬੁੱਢੇ ਨਾਲੇ ਵਿੱਚ ਅਜਿਹਾ ਬੈਕਟੀਰੀਆ ਪਾਉਣ ਆਏ ਸਨ ਜਿਨ੍ਹਾਂ ਨੇ ਨਾਲੇ ਦੀ ਗੰਦਗੀ ਨੂੰ ਖਤਮ ਕਰ ਦੇਣਾ ਸੀ, ਪਰ ਗੱਲ ਉੱਥੇ ਹੀ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਈਕੋ ਸੈਂਸਟਿਵ ਜ਼ੋਨ ਦਾ ਘੇਰਾ ਕਿਲੋਮੀਟਰ ਤੋਂ ਘਟਾ ਕੇ ਸੌ ਮੀਟਰ ਕਰਨ ਦਾ ਸਾਲ 2013 ਵਿੱਚ ਬਾਦਲ ਸਰਕਾਰ ਦੀ ਕੈਬਨਿਟ ਨੇ ਪ੍ਰਸਤਾਵ ਪਾਸ ਕੀਤਾ ਸੀ ਤਾਂ ਉਨ੍ਹਾਂ ਉਸ ਦਾ ਵਿਅਕਤੀਗਤ ਤੌਰ ’ਤੇ ਵਿਰੋਧ ਕੀਤਾ ਸੀ। ਇਸ ਦਾ ਨਤੀਜਾ ਮੱਤੇਵਾੜਾ ਦੇ ਜੰਗਲਾਂ ਰਾਹੀਂ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ਨੂੰ ਛੱਡ ਕੇ ਸਤਲੁਜ ਦਰਿਆ ਉਪਰ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਹੈ ਜੋ ਇਸ ਨੂੂੰ ਪ੍ਰਦੂਸ਼ਿਤ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸੇ ਤਰ੍ਹਾਂ ਸਿੱਧਵਾਂ ਲਹਿਰ ਅਤੇ ਹੋਰ ਕੁਦਰਤੀ ਸ੍ਰੋਤਾਂ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਸਬੰਧੀ ਮੌਜੂਦਾ ਸਰਕਾਰ ਦਾ ਰਵੱਈਆ ਵੀ ਪਹਿਲੀਆਂ ਸਰਕਾਰਾਂ ਤੋਂ ਵੱਖਰੀ ਨਹੀਂ ਹੈ। ਉਨ੍ਹਾਂ ਨੇ ਵਾਤਾਵਰਨ ਦੇ ਮੁੱਦੇ ’ਤੇ ਸਾਰੀਆਂ ਧਿਰਾਂ ਨੂੰ ਗੰਭੀਰ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਰੋਹਿਤ ਅਵੱਸਥੀ, ਰੁਪਿੰਦਰ ਪਾਲ ਸਿੰਘ ਗਿੱਲ, ਅਮਨ ਖੇੜਾ, ਮਨਮਿੰਦਰ ਕੌਰ ਗਰੇਵਾਲ, ਤੇਜਪ੍ਰਤਾਪ ਸਿੰਘ ਤੇਜੀ ਆਦਿ ਹਾਜ਼ਰ ਸਨ।