ਨਿੱਜੀ ਪੱਤਰ ਪ੍ਰੇਰਕ
ਖੰਨਾ, 16 ਮਾਰਚ
ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਰੌਣੀ ਤੇ ਪਰਮਿੰਦਰ ਚੌਹਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅਧਿਆਪਕਾਂ ਦੀ ਮੁਲਾਜ਼ਮ ਵਰਗ ਦੀਆਂ ਅਹਿਮ ਮੰਗਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਰਾਹੀਂ ਮੁਲਾਜ਼ਮਾਂ ਦੇ ਹੋ ਰਹੇ ਸ਼ੋਸ਼ਣ, ਪੇਅ-ਕਮਿਸ਼ਨ ਦੀ ਰਿਪੋਰਟ ਵਿੱਚ ਦੇਰੀ, ਡੀ.ਏ ਬਕਾਇਆ ਸਬੰਧੀ ਚੁੱਪ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਅਤੇ ਸਿੱਖਿਆ ਅਤੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਮੌਕੇ ਸੁਖਦੇਵ ਸਿੰਘ ਬੈਨੀਪਾਲ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਨਾ ਕਰਕੇ ਪੰਜਾਬ ਸਰਕਾਰ ਲਗਾਤਾਰ ਮੁਲਾਜ਼ਮਾਂ ਨਾਲ ਧੱਕਾ ਕਰਦੀ ਆ ਰਹੀ ਹੈ। ਦੂਜੇ ਪਾਸੇ ਕਈ ਐਮ.ਐਲ.ਏ, ਐਮ.ਪੀ 5-6 ਪੈਨਸ਼ਨਾਂ ਲੈ ਰਹੇ ਹਨ। ਹਰਦੀਪ ਸਿੰਘ ਬਾਹੋਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਸਾਲ ਲੰਘਣ ਤੋਂ ਬਾਅਦ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਇਸ ਮੌਕੇ ਜਗਰੂਪ ਸਿੰਘ ਢਿੱਲੋਂ, ਹਰਵਿੰਦਰ ਸਿੰਘ ਹੈਪੀ, ਜਸਵੀਰ ਸਿੰਘ ਬੂਥਗੜ੍ਹ, ਦਲਜੀਤ ਸਿੰਘ ਭੱਟੀ, ਸੰਦੀਪ ਸਿੰਘ ਜਰਗ, ਗੁਰਭਗਤ ਸਿੰਘ, ਅਮਨਦੀਪ ਸਿੰਘ ਜਰਗ, ਪਰਮਿੰਦਰ ਸਿੰਘ, ਅਮਨ ਸ਼ਰਮਾ, ਭਗਵਾਨ ਸਿੰਘ ਆਦਿ ਹਾਜ਼ਰ ਸਨ।