ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਦਸੰਬਰ
2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਾਤਾਵਰਨ ਦਾ ਮੁੱਦਾ ਹਰ ਪਾਰਟੀ ’ਤੇ ਭਾਰੂ ਪੈ ਸਕਦਾ ਹੈ। ਸੂਬੇ ਦਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਰਹੇ ਹਨ ਪਰ ਰਾਜਨੀਤਿਕ ਪਾਰਟੀਆਂ ਇਸ ਪਾਸੇ ਤੋਂ ਅਵੇਸਲੀਆਂ ਹੋਈਆਂ ਬੈਠੀਆਂ ਹਨ। ਸਿਆਸੀ ਪਾਰਟੀਆਂ ਨੂੰ ਇਸ ਮੁੱਦੇ ’ਤੇ ਘੇਰਨ ਲਈ ਕਈ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀ ਇੱਕ ਸੁਰ ਹੋਣ ਲੱਗ ਪਏ ਹਨ। ਚੇਤਨਾ ਲਹਿਰ ਦੇ ਪ੍ਰਤੀਨਿਧੀਆਂ ਗੁਰਪ੍ਰੀਤ ਸਿੰਘ ਚੰਦਬਾਜ਼ਾ, ਰਣਜੋਧ ਸਿੰਘ, ਇੰਜ. ਕਪਿਲ ਅਰੋੜਾ, ਗੁਰਵਿੰਦਰ ਸਿੰਘ ਬਾਜਵਾ, ਇੰਜ. ਜਸਕੀਰਤ ਸਿੰਘ ਆਦਿ ਦਾ ਕਹਿਣਾ ਹੈ ਕਿ ਸੂਬੇ ਦਾ ਵਾਤਾਵਰਨ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਚਿਮਨੀਆਂ ਵਿੱਚੋਂ ਨਿਕਲਦਾ ਧੂੰਆਂ ਹਵਾ ਨੂੰ, ਫੈਕਟਰੀਆਂ ਅਤੇ ਡਾਇੰਗਾਂ ਵਿੱਚੋਂ ਨਿਕਲਦਾ ਤੇਜ਼ਾਬੀ ਪਾਣੀ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਜਾ ਰਿਹਾ ਹੈ। ਸ਼ਹਿਰ ’ਚੋਂ ਨਿਕਲਦਾ ਬੁੱਢਾ ਨਾਲਾ ਅੱਗੇ ਸਤਲੁਜ ਦੇ ਪਾਣੀ ਨੂੰ ਗੰਧਲਾ ਕਰਦਾ ਜਾ ਰਿਹਾ ਹੈ, ਜਿਸ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਹੁਣ ਤਾਂ ਸਰਕਾਰ ਵੱਲੋਂ ਮੱਤੇਵਾੜਾ ਨੇੜੇ ਇੰਡਸਟਰੀ ਪਾਰਕ ਬਣਾਉਣ ਦੀ ਵੀ ਪਲਾਨਿੰਗ ਕੀਤੀ ਜਾ ਰਹੀ ਹੈ। ਵਾਤਾਵਰਨ ਸਬੰਧੀ ਇੱਕ ਅਹਿਮ ਉਪਰਾਲਾ ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ‘ਪੰਜਾਬ ਵਾਤਾਵਰਨ ਲੋਕ ਸੰਮੇਲਨ’ ਰਾਹੀਂ ਕੀਤਾ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿੱਚ ਵਾਤਾਵਰਨ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਪਦਮ ਸ੍ਰੀ ਸੰਤ ਸੇਵਾ ਸਿੰਘ, ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂ, ਪਦਮਭੂਸ਼ਣ ਇੰਦਰਜੀਤ ਕੌਰ ਪਿੰਗਲਵਾੜਾ ਆਦਿ ਦੇ ਨਾਂ ਸ਼ਾਮਲ ਹਨ। 20 ਦਸੰਬਰ ਨੂੰ ਹੋਣ ਵਾਲੇ ਇਸ ਸੰਮੇਲਨ ਵਿੱਚ ਉਕਤ ਸ਼ਖ਼ਸੀਅਤਾਂ ਵੱਲੋਂ ਵਾਤਾਵਰਨ ਦੇ ਮੁੱਦੇ ਨੂੰ ਰਾਜਨੀਤਿਕ ਪਾਰਟੀਆਂ ਦੇ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਵਾਉਣ ’ਤੇ ਜ਼ੋਰ ਦਿੱਤਾ ਜਾਵੇਗਾ।