ਪੱਤਰ ਪ੍ਰੇਰਕ
ਪਾਇਲ, 6 ਜੂਨ
ਤਪੋਬਣ ਹਰਿਆਵਲ ਲਹਿਰ ਦੇ ਤਹਿਤ ਹਰੇਕ ਸਾਲ ਦੀ ਤਰ੍ਹਾਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਸੰਤ ਦਰਸ਼ਨ ਸਿੰਘ ਖ਼ਾਲਸਾ ਨੇ ਨੌਜਵਾਨਾਂ ਨਾਲ ਮਿਲ ਕੇ ਵੱਖ-ਵੱਖ ਕਿਸਮ ਦੇ ਬੂਟੇ ਲਾ ਕੇ ਵਾਤਾਵਰਨ ਦਿਵਸ ਮਨਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਹਰ ਤਰ੍ਹਾਂ ਦੇ ਭੈੜੇ ਨਸ਼ਿਆਂ ਦਾ ਤਿਆਗ ਕਰ ਕੇ ਸਮਾਜ ਤੇ ਵਿਸ਼ਵ ਦੇ ਭਲੇ ਲਈ ਕਾਰਜਸ਼ੀਲ ਹੋਣ। ਉਨ੍ਹਾਂ ਕਿਹਾ ਕਿ ਜੇ ਅੱਜ ਅਸੀਂ ਵਾਤਾਵਰਨ ਦੀ ਸੰਭਾਲ ਪ੍ਰਤੀ ਅਵੇਸਲੇ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਿਆਨਕ ਬਿਮਾਰੀਆਂ ਨਾਲ ਜੂਝਣਾ ਪਵੇਗਾ। ਉਨ੍ਹਾਂ ਬੜੇ ਭਰੇ ਮਨ ਨਾਲ ਕਿਹਾ ਕਿ ਜੋ ਕਰੋਨਾ ਮਹਾਮਾਰੀ ਕਰਕੇ ਆਕਸੀਜਨ ਦੀ ਘਾਟ ਹੋਣ ਨਾਲ ਹਜ਼ਾਰਾਂ ਲੱਖਾਂ ਲੋਕ ਇਸ ਦੁਨੀਆਂ ਤੋਂ ਚਲੇ ਗਏ ਹਨ ਤੇ ਲੱਖਾਂ ਹੀ ਲੋਕ ਇਸ ਭਿਆਨਕ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ।
ਸਮਰਾਲਾ (ਪੱਤਰ ਪ੍ਰੇਰਕ): ਸੰਤ ਕਿਰਪਾਲ ਸਿੰਘ ਸੇਵਾ ਪੰਥੀ ਸੀਨੀਅਰ ਸੰਕੈਡਰੀ ਸਕੂਲ ਨੀਲੋਂ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਆਨਲਾਈਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿੱਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਜਸਵੀਰ ਕੌਰ ਨੇ ਪੰਜਾਬ ਦੇ ਵਿਗੜ ਰਹੇ ਵਾਤਾਵਰਨ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰਨ ਦਾ ਸੱਦਾ ਦਿੰਦੇ ਹੋਏ ਵਿੱਦਿਆਰਥੀ ਵਰਗ ਨੂੰ ਘਰ-ਘਰ ਬੂਟੇ ਲਗਾਉਣ ਤੇ ਉਨਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਸਕੂਲ ਦੇ ਸਮੂਹ ਸਟਾਫ਼ ਤੇ ਵਿੱਦਿਆਰਥੀਆਂ ਨੂੰ ਬੂਟਾ ਲਗਾਉਣ ਅਤੇ ਉਸ ਦੇ ਪਾਲਣ ਪੋਸ਼ਣ ਦੀ ਸਹੁੰ ਚੁਕਵਾਈ।
ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਸਰਕਾਰੀ ਕੰਨਿਆ ਸਕੂਲ ਵਿੱਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਨੇ ਬੂਟੇ ਲਾ ਕੇ ਵਿਦਿਆਰਥੀਆਂ ਨੂੰ ਇਨ੍ਹਾਂ ਦੀ ਸੰਭਾਲ ਲਈ ਪ੍ਰੇਰਿਆ। ਪ੍ਰਿੰਸੀਪਲ ਕਿਰਨਦੀਪ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਾਡੀ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲ ਵਿੱਚ 50 ਬੂਟੇ ਲਗਾਏ ਜਾਣਗੇ।
ਲੁਧਿਆਣਾ (ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ): ਵਿਸ਼ਵ ਵਾਤਾਵਰਨ ਦਿਵਸ ਸਬੰਧੀ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦਾ ਵਿਸ਼ਾ ‘ਵਾਤਾਵਰਨ ਬਹਾਲੀ’ ਸੀ ਜੋ ਵਾਤਾਵਰਣ ਤੋਂ ਮਨੁੱਖਤਾ ਨੂੰ ਮਿਲਦੀਆਂ ਸੇਵਾਵਾਂ ਨਾਲ ਸਮਰਪਿਤ ਸੀ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਪਹਿਲਾ ਬੂਟਾ ਲਾ ਕੇ ਮੁਹਿੰਮ ਆਰੰਭੀ। ਇਸੇ ਦੌਰਾਨ ਮੁੱਢਲਾ ਸਿਹਤ ਕੇਂਦਰ ਦੇ ਹੈਲਥ ਵੈੱਲਨੈੱਸ ਸੈਂਟਰ ਵਿੱਚ ਸਾਦਾ ਸਮਾਗਮ ਕਰਵਾਇਆ ਗਿਆ। ਹਲਕਾ ਆਤਮ ਨਗਰ ਦੇ ਵਾਰਡ ਨੰਬਰ 41 ਵਿੱਚ ਵਿਸ਼ਵਕਰਮਾ ਪਾਰਕ ਜੈਮਲ ਸਿੰਘ ਰੋਡ ’ਤੇ ਵਾਰਡ ਇੰਚਾਰਜ ਰੇਸ਼ਮ ਸਿੰਘ ਸੱਗੂ ਦੀ ਦੇਖ-ਰੇਖ ਹੇਠ ਬੂਟੇ ਲਗਾਏ ਗਏ। ਇਸ ਮੌਕੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਤੇ ਚੇਅਰਮੈਨ ਪਵਨ ਦੀਵਾਨ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇਲਾਕਾ ਵਾਸੀਆਂ ਨੂੰ ਬੂਟੇ ਵੀ ਵੰਡੇ।
ਕੁੱਪ ਕਲਾਂ (ਪੱਤਰ ਪ੍ਰੇਰਕ): ਕੇਐੱਸ ਗਰੁੱ੍ਹਪ ਮਾਲੇਰਕੋਟਲਾ ਦੇ ਐੱਮਡੀ ਇੰਦਰਜੀਤ ਸਿੰਘ ਮੁੰਡੇ ਵੱਲੋਂ 15 ਜੂਨ ਤੱਕ ‘ਰੁੱਖ ਲਗਾਓ, ਆਕਸੀਜਨ ਵਧਾਓ’ ਸਲੋਗਨ ਤਹਿਤ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਲਈ ਪੰਦਰਵਾੜਾ ਮੁਹਿੰਮ ਵਿੱਢੀ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਇਲਾਕੇ ਵੱਖ-ਵੱਖ ਪਿੰਡਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ। ਵਿਸ਼ਵ ਵਾਤਾਵਰਨ ਦਿਵਸ ਮੌਕੇ ਗੁਰਦੁਆਰਾ ਸਾਹਿਬ ਈਸ਼ਰ ਪ੍ਰਕਾਸ਼ ਬੇਗੋਵਾਲ ਵਿੱਚ ਉਨਾਂ ਜਥੇਦਾਰ ਭਾਈ ਮਹਿੰਦਰ ਸਿੰਘ, ਗੁਰਮੇਲ ਸਿੰਘ ਸਾਬਕਾ ਸਰਪੰਚ ਕੁਲਵੰਤ ਸਿੰਘ ਬੇਗੋਵਾਲ ਦੀ ਮੌਜੂਦਗੀ ਵਿੱਚ ਬੂਟੇ ਲਗਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਬਣਾਈ ਰੱਖਣ ਲਈ ਆਪਣਾ ਯੋਗਦਾਨ ਦੇਵੇ।