ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 13 ਮਈ
ਜ਼ਿਲ੍ਹ ਲੁਧਿਆਣਾ ਦੇ ਪਿੰਡ ਨੱਥੋਵਾਲ ਵਿਚ ਅੱਜ ਦਿਨ ਦਿਹਾੜੇ ਇੱਕ ਅਣਪਛਾਤੇ ਨੌਜਵਾਨ ਨੇ ਪਚਾਸੀ ਸਾਲਾ ਵੀਰ ਚੱਕਰ ਵਿਜੇਤਾ ਸੇਵਾਮੁਕਤ ਕਰਨਲ ਮਾਹਿਨਜੀਤ ਸਿੰਘ ਬੁੱਟਰ ਦੇ ਘਰ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਅਮਰਜੀਤ ਕੌਰ ਦਾ ਗਲ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਿਆ, ਪੀੜਤਾ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਭਾਵੇਂ ਹਮਲੇ ਵੇਲੇ ਮੁਲਜ਼ਮ ਘਰ ਅੰਦਰ ਇਕੱਲਾ ਆਇਆ ਸੀ ਪਰ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਹੈ ਕਿ ਘਰ ਦੇ ਨੇੜੇ ਤੱਕ ਇੱਕ ਹੋਰ ਮੋਟਰਸਾਈਕਲ ਸਵਾਰ ਉਸ ਨੂੰ ਛੱਡ ਕੇ ਗਿਆ ਸੀ।
ਭਾਵੇਂ ਖ਼ੂਨ ਵਿੱਚ ਲਥਪਥ ਅਮਰਜੀਤ ਕੌਰ ਨੂੰ ਇਲਾਕੇ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਸੀ ਪਰ ਘਰ ਵਿੱਚ ਇੱਕ ਹੋਰ ਮਹਿਲਾ ਦੀ ਅਚਾਨਕ ਮੌਤ ਹੋ ਜਾਣ ਕਰ ਕੇ ਉਸ ਨੂੰ ਘਰ ਲਿਆਂਦਾ ਗਿਆ, ਉਸ ਨੂੰ ਘਰ ਵਿੱਚ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਹਠੂਰ ਪੁਲੀਸ ਨੇ ਐੱਸਐੱਚਓ ਹਰਦੀਪ ਸਿੰਘ ਦੀ ਅਗਵਾਈ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਮੁਲਜ਼ਮਾਂ ਦੀ ਪਛਾਣ ਅਤੇ ਹਮਲੇ ਦਾ ਕਾਰਨ ਪਤੀ ਨਹੀਂ ਲੱਗਿਆ।
ਹਰਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਅੱਜ ਦੁਪਹਿਰੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਉਨ੍ਹਾਂ ਦੇ ਚਾਚੇ ਦੇ ਘਰ ਕੋਲ ਆਏ। ਇੱਕ ਜਣੇ ਨੇ ਅੰਦਰ ਜਾ ਕੇ ਉਨ੍ਹਾਂ ਦੀ ਚਾਚੀ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਗੁਆਂਢ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਚੱਲਿਆ ਹਮਲਾਵਰ ਬਾਰ੍ਹਾਂ ਮਿੰਟ ਘਰ ਅੰਦਰ ਰਿਹਾ। ਪਰ ਹਾਲੇ ਤੱਕ ਹਮਲੇ ਦਾ ਕਾਰਨ ਪਤਾ ਨਹੀਂ ਲੱਗਿਆ।