ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 16 ਮਈ
ਨੇੜ੍ਹਲੇ ਪਿੰਡ ਪੰਜੇਟਾ ਵਿਖੇ ਘਰ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਕਥਿਤ ਦੋਸ਼ ਹੇਠ ਇੱਕੋ ਪਰਿਵਾਰ ਦੇ 9 ਵਿਅਕਤੀ ਜਿਸ ਵਿਚ ਬਲਵੀਰ ਸਿੰਘ, ਅਵਤਾਰ ਸਿੰਘ, ਅੰਮ੍ਰਿਤਪਾਲ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਸੰਦੀਪ ਕੌਰ, ਕੁਲਦੀਪ ਕੌਰ, ਦਲਜੀਤ ਕੌਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਲਖਵੀਰ ਸਿੰਘ ਵਾਸੀ ਪੰਜੇਟਾ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਅੱਜ ਸਵੇਰੇ 8 ਵਜੇ ਕੰਮ ’ਤੇ ਜਾਣ ਲੱਗਿਆ ਤਾਂ ਤਾਂ ਉਸ ਨੂੰ ਬਾਹਰ ਸੜਕ ’ਤੇ ਰੌਲਾ ਪੈਂਦਾ ਦਿਖਾਈ ਦਿੱਤਾ। ਸੜਕ ’ਤੇ ਬਲਵੀਰ ਸਿੰਘ ਉਸ ਦੀ ਤਾਏ ਦੀ ਨੂੰਹ ਹਰਿੰਦਰ ਕੌਰ ਨਾਲ ਬਹਿਸਬਾਜ਼ੀ ਕਰ ਰਿਹਾ ਸੀ ਤਾਂ ਉਸ ਨੇ ਉਸ ਨੂੰ ਜਾ ਕੇ ਰੋਕਿਆ ਅਤੇ ਦੋਵਾਂ ਨੂੰ ਸਮਝਾ ਕੇ ਘਰ ਭੇਜ ਦਿੱਤਾ। ਕਰੀਬ ਅੱਧੇ ਘੰਟੇ ਬਾਅਦ ਬਲਵੀਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਸਾਰੇ 9 ਵਿਅਕਤੀ ਜਿਨ੍ਹਾਂ ਦੇ ਹੱਥਾਂ ਵਿਚ ਡੰਡੇ, ਸੋਟੇ, ਕੁਹਾੜਾ ਅਤੇ ਰਾਡਾਂ ਫੜੀਆਂ ਸਨ ਜੋ ਉਨ੍ਹਾਂ ਦੇ ਘਰ ਅੰਦਰ ਆ ਵੜੇ। ਇਨ੍ਹਾਂ ’ਚੋਂ ਬਲਵੀਰ ਸਿੰਘ ਨੇ ਕੁਹਾੜੀ ਨਾਲ ਵਾਰ ਕਰ ਦਿੱਤਾ ਅਤੇ ਬਾਕੀਆਂ ਨੇ ਸੋਟੀਆਂ ਤੇ ਰਾਡਾਂ ਨਾਲ ਹਮਲਾ ਕੀਤਾ। ਰੌਲਾ ਸੁਣ ਕੇ ਉਸ ਦੇ ਤਾਏ ਦਾ ਪੁੱਤਰ ਬੂਟਾ ਸਿੰਘ ਅਤੇ ਉਸ ਦੀ ਪਤਨੀ ਹਰਿੰਦਰ ਕੌਰ ਵੀ ਆ ਗਏ ਅਤੇ ਹਮਲਾਵਾਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਜਖ਼ਮੀ ਹਾਲਤ ਵਿਚ ਲਖਵੀਰ ਸਿੰਘ, ਬੂਟਾ ਸਿੰਘ ਅਤੇ ਹਰਿੰਦਰ ਕੌਰ ਨੂੰ ਕੂੰਮ ਕਲਾਂ ਹਸਪਤਾਲ ਦਾਖਲ ਕਰਵਾਇਆ ਗਿਆ।ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ 9 ਵਿਅਕਤੀਆਂ ’ਤੇ ਪਰਚਾ ਦਰਜ ਹੋਇਆ ਹੈ ਉਨ੍ਹਾਂ ’ਚੋਂ ਵੀ 2 ਵਿਅਕਤੀ ਲੜਾਈ ਦੌਰਾਨ ਜਖ਼ਮੀ ਹੋਏ ਹਨ ਜੋ ਕਿ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ।
ਹਵਾਲਾਤੀਆਂ ਤੋਂ ਮੋਬਾਈਲ ਫੋਨ ਬਰਾਮਦ
ਲੁਧਿਆਣਾ : ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਚੈਕਿੰਗ ਦੌਰਾਨ ਕੈਦੀਆਂ ਤੋਂ 15 ਮੋਬਾਈਲ ਫੋਨ ਬਰਾਮਦ ਹੋਏ ਹਨ। ਥਾਣਾ ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਅਚਨਚੇਤੀ ਚੈਕਿੰਗ ਦੌਰਾਨ ਹਵਾਲਾਤੀਆਂ ਸੰਦੀਪ ਸਿੰਘ, ਨਵਦੀਪ ਕੁਮਾਰ, ਮੁਹੰਮਦ ਜ਼ਾਹਿਦ, ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਤੋਂ 15 ਮੋਬਾਈਲ ਫੋਨ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਨਿਯਮ ਭੰਗ ਕਰਨ ਦੇ ਦੋਸ਼ ਤਹਿਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ