ਸਤਵਿੰਦਰ ਬਸਰਾ
ਲੁਧਿਆਣਾ, 10 ਜੂਨ
ਪੰਜਾਬ ਦੀਆਂ ਸਿੱਖਿਆ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਭਰ ਦੇ ਅਧਿਆਪਕਾਂ ਨਾਲ ਵਰਚੁਅਲ ਕਾਨਫਰੰਸ ਕੀਤੀ। ਲੁਧਿਆਣਾ ਦੀ ਜ਼ਿਲ੍ਹਾ ਪਧਰੀ ਸਮਾਗਮ ਸਥਾਨਕ ਬੱਚਤ ਭਵਨ ਵਿੱਚ ਹੋਇਆ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਾਹਨੇਵਾਲ ਸਕੂਲ ਦੀ ਪ੍ਰਿੰਸੀਪਲ ਕਰਮਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਸਮਾਰਟਫੋਨ ਦੀ ਵੰਡ ਪੰਜਾਬ ਸਰਕਾਰ ਦੇ ਇਤਿਹਾਸਕ ਫੈ਼ਸਲਿਆਂ ਵਿੱਚੋਂ ਇਕ ਹੈ। ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਕੂਲ ਦੀ ਅੰਗਰੇਜ਼ੀ ਦੀ ਲੈਕਚਰਾਰ ਪ੍ਰੀਤੀ ਬਾਤਿਸ਼ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਧੀਆ ਬੁਨਿਆਦੀ ਢਾਂਚੇ ਅਤੇ ਮਿਆਰੀ ਸਿੱਖਿਆ ਨੇ ਲੋਕਾਂ ਨੂੰ ਆਪਣੇ ਬੱਚੇ ਇਨ੍ਹਾਂ ਸਕੂਲ ਵਿੱਚ ਦਾਖਲ ਕਰਾਉਣ ਲਈ ਪ੍ਰੇਰਿਆ ਹੈ। ਸਿਮਿਟਰੀ ਰੋਡ ਸਕੂਲ ਦੀ ਪੰਜਾਬੀ ਅਧਿਆਪਕਾ ਮਨਜੀਤ ਕੌਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਦਿੱਤਾ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਦਾਅਵੇ ਖੋਖਲੇ ਕਰਾਰ
ਡੀਟੀਐੱਫ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਧਿਆਪਕਾਂ ਨਾਲ ਮਿਲਣੀ ਨੂੰ ਪੰਜਾਬ ਦੇ ਅਧਿਆਪਕਾਂ ਨੇ ਠੁੱਸ ਕੀਤਾ। ਅਧਿਆਪਕ ਆਗੂਆਂ ਹਰਦੇਵ ਸਿੰਘ ਮੁੱਲਾਂਪੁਰ ਤੇ ਮਨਜਿੰਦਰ ਸਿੰਘ ਚੀਮਾ ਨੇ ਆਖਿਆ ਕਿ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਦੀ ਅਗਵਾਈ ਵਿੱਚ ਕਰਵਾਏ ਗਏ ਤੈਅਸ਼ੁਦਾ ਰਾਜ ਪੱਧਰੀ ਆਨਲਾਈਨ ਪ੍ਰੋਗਰਾਮ ਵਿੱਚ ਸਿੱਖਿਆ ਵਿਭਾਗ ਦੇ ਦਾਅਵਿਆਂ ਨੂੰ ਪਸੰਦ ਦੇ ਮੁਕਾਬਲੇ ਨਾ ਪਸੰਦ ਕਰਨ ਵਾਲਿਆਂ ਦੀ ਦੁੱਗਣੀ ਗਿਣਤੀ ਮਿਲੀ। ਪ੍ਰੋਗਰਾਮ ਦੌਰਾਨ ਜਤਾਏ ਜਾ ਰਹੇ ਰੋਸ ਨੂੰ ਵੇਖਦਿਆਂ ਸੰਚਾਲਕਾਂ ਨੂੰ ਕਥਿਤ ਤੌਰ ’ਤੇ ਪਸੰਦ/ਨਾ ਪਸੰਦ ਕਰਨ ਦੀ ਚੋਣ ਦੇਣੀ ਹੀ ਬੰਦ ਕਰਨੀ ਪਈ। ਅਧਿਆਪਕ ਆਗੂਆਂ ਨੇ ਇਸ ਪ੍ਰੋਗਰਾਮ ਨੂੰ ਫਰਜ਼ੀ ਅੰਕੜਿਆਂ ਰੂਪੀ ਫਹੁੜੀਆਂ ਸਹਾਰੇ ਪ੍ਰਾਪਤੀਆਂ ਦਰਸਾਉਣ ਦੀ ਸਰਕਾਰੀ ਖੇਡ ਦਸਦਿਆਂ ਸਪੱਸ਼ਟ ਕੀਤਾ ਕਿ ਅਧਿਆਪਕ ਜਥੇਬੰਦੀਆਂ ਨੂੰ ਵਾਰ ਵਾਰ ਮਿਲਣ ਦਾ ਸਮਾਂ ਦੇ ਕੇ ਮੁਕਰਨ ਵਾਲੀ ਸਰਕਾਰ ਦਾ ਮੁਖੀ ਆਨਲਾਈਨ ਮਿਲਣੀਆਂ ਦੇ ਸਟੰਟ ’ਤੇ ਉੱਤਰ ਆਇਆ ਹੈ। ਜ਼ਿਲ੍ਹਾ ਕਮੇਟੀ ਦੇ ਸੀਨੀਅਰ ਆਗੂਆਂ ਅਜਮੇਰ ਸਿੰਘ ਬੱਸੀਆਂ , ਹਰਜੀਤ ਸਿੰਘ ਸੁਧਾਰ, ਰਜੇਸ਼ ਕੁਮਾਰ ਸਮਰਾਲਾ, ਲਾਲ ਸਿੰਘ ਕੁਤਬੇਵਾਲ ਨੇ ਆਖਿਆ ਕਿ ਇੱਕ ਪਾਸੇ ਮੁੱਖਮੰਤਰੀ ਆਨਲਾਈਨ ਅਧਿਆਪਕ ਮਿਲਣੀ ਦਾ ਨਾਟਕ ਕਰ ਰਹੇ ਹਨ, ਜਿਨ੍ਹਾਂ ਨੂੰ ਮੀਟਿੰਗ ਲਈ ਜਾਂਦੇ ਬੇਰੁਜ਼ਗਾਰ ਅਧਿਆਪਕਾਂ ’ਤੇ ਪੁਲੀਸ ਵੱਲੋਂ ਕੀਤਾ ਤਸ਼ੱਦਦ, ਰੁਜ਼ਗਾਰ ਦਾ ਹੱਕ ਮੰਗਦੇ ਟਾਵਰਾਂ ’ਤੇ ਬੈਠੈ ਤੇ ਨਹਿਰਾਂ ਵਿੱਚ ਛਾਲਾਂ ਮਾਰਦੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਨਜ਼ਰ ਨਹੀਂ ਆ ਰਹੇ। ਉਕਤ ਸਮੇਤ ਹੋਰਨਾਂ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅੰਕੜਿਆਂ ਦੀ ਇਹ ਖੇਡ ਬੰਦ ਨਾ ਹੋਈ ਤਾਂ ਪੰਜਾਬ ਸਰਕਾਰ ਦੀਆਂ ਜ਼ਿਲ੍ਹਾ ਹੈੱਡ ਕੁਆਰਟਰਾਂ ਉੱਤੇ ਅਰਥੀਆਂ ਸਾੜੀਆਂ ਜਾਣਗੀਆਂ।