ਗਗਨਦੀਪ ਅਰੋੜਾ
ਲੁਧਿਆਣਾ, 11 ਜੁਲਾਈ
ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਯੂਨੀਅਨ ਦੇ ਮੈਂਬਰਾਂ ਨੇ ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨ ਦੀ ਅਗਵਾਈ ਸੁਭਾਸ਼ ਰਾਣੀ ਨੇ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਹਾਲੇ ਵੀ ਸਰਕਾਰ ਨੇ ਸਮੇਂ ਸਿਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਂਗਣਵਾੜੀ ਵਰਕਰ ਬੀਬੀਆਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਗਈਆਂ। ਇਸ ਮੌਕੇ ਸੰਬੋਧਨ ਕਰਦੇ ਹੋਏ ਆਂਗਣਵਾੜੀ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਆਪਣੀਆਂ ਮੰਗਾਂ ਮਨਾਉਣ ਲਈ ਉਹ ਅਧਿਕਾਰ ਦਿਵਸ ਮਨਾ ਰਹੀਆਂ ਹਨ। ਅੱਜ 32ਵਾਂ ਅਧਿਕਾਰ ਦਿਵਸ ਹੈ। ਸੁਭਾਸ਼ ਰਾਣੀ ਨੇ ਕਿਹਾ ਕਿ 32 ਸਾਲਾਂ ਤੋਂ ਸਰਕਾਰ ਨੇ ਉਨ੍ਹਾਂ ਨੂੰ ਕਰਮਚਾਰੀ ਨਹੀਂ ਮੰਨਿਆ। ਹਾਲੇ ਵੀ ਸਰਕਾਰ ਉਨ੍ਹਾਂ ਨੂੰ ਸਕੀਮ ਵਰਕਰ ਦੀ ਮੰਨਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਪਹਿਲਾਂ ਉਨ੍ਹਾਂ ਨੇ ਐੱਮਪੀ ਫਿਰ ਐੱਮਐੱਲਏ ਜ਼ਰੀਏ ਸਰਕਾਰ ਨੂੰ ਮੰਗ ਪੱਤਰ ਭੇਜੇ ਸਨ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਆਪਣੀਆਂ ਮੰਗਾਂ ਲਈ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਕੇਸ ਲਗਾਇਆ ਸੀ। ਜਿਸ ਵਿੱਚ ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਉਨ੍ਹਾਂ ਨੂੰ ਆਪਣੇ ਆਪਣੇ ਸੂਬੇ ਵਿੱਚ 10 ਮਹੀਨਿਆਂ ਦੀ ਗਰੈਚੁਇਟੀ ਵਿਆਜ ਸਣੇ ਦਿੱਤੀ ਜਾਏ ਪਰ ਉਨ੍ਹਾਂ ਦੀ ਸਰਕਾਰ ਸੁਣਵਾਈ ਨਹੀਂ ਕਰ ਰਹੀ। ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਸਰਕਾਰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ 26 ਤੋਂ 29 ਜੁਲਾਈ ਤੱਕ ਉਹ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੇ ਜੰਤਰ ਮੰਤਰ ਵਿੱਚ ਮਹਾ ਪੜਾਅ ਨਾਂ ਥੱਲੇ ਧਰਨਾ ਦੇਣਗੀਆਂ, ਜਿਥੇ ਪੂਰੇ ਦੇਸ਼ ਦੀਆਂ ਆਂਗਣਵਾੜੀ ਵਰਕਰ ਪਹੁੰਚਣ ਗਈਆਂ।
ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਲੁਧਿਆਣਾ ਬੱਸ ਡਿੱਪੂ ’ਤੇ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਯੂਨੀਅਨ ਸੂਬਾ ਜਨਰਲ ਸਕੱਤਰ ਸਮਸ਼ੇਰ ਸਿੰਘ ਢਿੱਲੋਂ, ਡਿੱਪੂ ਪ੍ਰਧਾਨ ਸਤਨਾਮ ਸਿੰਘ, ਗੁਰਵਿੰਦਰ ਸਿੰਘ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਮੁਲਾਜ਼ਮਾਂ ਨੇ ਕਿਹਾ ਕਿ ਪਿਛਲੇ ਦਿਨੀਂ ਜਦੋਂ ਮੁਲਾਜ਼ਮ ਹੜਤਾਲ ’ਤੇ ਸਨ ਤਾਂ ਟਰਾਂਸਪੋਰਟ ਮੰਤਰੀ ਵੱਲੋਂ ਮੁੱਖ ਮੰਤਰੀ ਦੀ ਮੀਟਿੰਗ ਹਫਤੇ ਵਿੱਚ ਕਰਵਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਹੁਣ ਮਹੀਨਾ ਬੀਤ ਜਾਣ ’ਤੇ ਵੀ ਮੀਟਿੰਗ ਨਹੀਂ ਹੋਈ, ਦੂਜੇ ਪਾਸੇ ਮੌਜੂਦਾ ਸਰਕਾਰ ਵੱਲੋਂ ਜਾਰੀ ਬਿਆਨ ਦੇ ਉਲਟ ਪਨਬੱਸ ਵਿੱਚ ਆਊਟਸੋਰਸਿੰਗ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੀਆਰਟੀਸੀ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਨੂੰ ਕਿੱਲੋਮੀਟਰ ਸਕੀਮ ਤਹਿਤ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਸਖ਼ਤ ਵਿਰੋਧ ਕਰੇਗਾ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਹਰ ਮਹੀਨੇ ਧਰਨੇ ਪ੍ਰਦਰਸ਼ਨ ਕਰਕੇ ਤਨਖਾਹ ਲੈਣੀ ਪੈਂਦੀ ਹੈ। ਇਸ ਮਹੀਨੇ ਵੀ ਤਨਖਾਹ ਨਹੀਂ ਆਈ। ਜੇ 48 ਘੰਟੇ ਵਿੱਚ ਉਨ੍ਹਾਂ ਦੀ ਤਨਖਾਹ ਨਾ ਆਈ ਤਾਂ ਉਹ 13 ਜੁਲਾਈ ਨੂੰ ਬੱਸ ਸਟੈਂਡ ਬੰਦ ਕਰਕੇ ਸੰਘਰਸ਼ ਕਰਨਗੇ।
ਮੁਲਾਜ਼ਮ ਪੱਕੇ ਕਰਵਾਉਣ ਲਈ ਨਗਰ ਨਿਗਮ ਬਾਹਰ ਬੀਬੀਆਂ ਦੀ ਭੁੱਖ ਹੜਤਾਲ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਵਿੱਚ ਕੱਚੇ ਤੌਰ ’ਤੇ ਕੰਮ ਕਰ ਰਹੇ ਸੀਵਰਮੈਨ, ਸਫ਼ਾਈ ਕਮਰਚਾਰੀਆਂ ਨੂੰ ਪੱਕੇ ਕਰਵਾਉਣ ਲਈ ਅੱਜ ਬੀਬੀਆਂ ਨੇ ਭੁੱਖ ਹੜਤਾਲ ਕੀਤੀ। ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਏ ਜ਼ੋੋਨ ਦੇ ਬਾਹਰ ਸੀਵਰਮੈਨ, ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਭੁੱਖ ਹੜਾਤਲ ਸ਼ੁਰੂ ਹੋਈ। ਇਸ ਵਿੱਚ ਰਾਣੀ ਧਾਲੀਵਾਲ , ਰਾਜ ਰਾਣੀ ਗੋਮਤੀ, ਸ਼ਕੁੰਤਲਾ ਗਿੱਲ, ਕਮਲੇਸ਼ ਗਿੱਲ, ਕਿਰਨਾ ਸੋਨੀ, ਅਨੂ ਬਾਲਾ, ਕਿਰਨ ਵੱਲੋਂ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ’ਤੇ ਚੌੜਾ ਬਾਜ਼ਾਰ ਐਸੋਸੀਏਸ਼ਨ, ਸਨਅਤਕਾਰ, ਕੌਂਸਲਰਾਂ ਤੋਂ ਇਲਾਵਾ ਵੱਡੀ ਗਿਣਤੀ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਕਮੇਟੀ ਦੇ ਮੈਂਬਰਾਂ ਨੂੰ ਸਮਰਥਨ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੰਘਰਸ਼ ਕਮੇਟੀ ਜਿਸ ਗੱਲ ਤੇ ਆਪਣੀ ਲੜਾਈ ਲੜ ਰਹੀ ਹੈ ਉਸ ਗੱਲ ਤੇ ਅਮਲ ਕਰਦਿਆਂ ਅੱਜ ਮੰਡੀ ਅਹਿਮਦਗੜ੍ਹ ਨਗਰ ਕੌਂਸਲ ਵੱਲੋਂ 52 ਸਫ਼ਾਈ ਕਰਮਚਾਰੀ ਜੋ ਕਿ ਡੀਸੀ ਰੇਟ ’ਤੇ ਕੰਮ ਕਰ ਰਹੇ ਸਨ ਉਨ੍ਹਾਂ ਨੂੰ ਕੰਟਰੈਕਟ ਬੇਸ ਤੇ ਮੰਨਦਿਆਂ ਅੱਜ ਪੱਕਾ ਕਰਨ ਦੇ ਨਿਯੁਕਤੀ ਪੱਤਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜੇ ਹੁਸ਼ਿਆਰਪੁਰ ਵਿੱਚ ਮੁਲਾਜ਼ਮ ਪੱਕੇ ਹੋ ਸਕਦੇ ਹਨ ਤੇ ਲੁਧਿਆਣਾ ਦੇ ਮੁਲਾਜ਼ਮ ਕਿਉਂ ਪੱਕੇ ਨਹੀਂ ਕੀਤੇ ਜਾ ਰਹੇ। ਇਸ ਮੌਕੇ ਵਿਜੈ ਦਾਨਵ, ਨਰੇਸ਼ ਧੀਂਗਾਨ ,ਸਮੇਂ ਸਿੰਘ ਬਿਰਲਾ, ਚੌਧਰੀ ਯਸ਼ਪਾਲ, ਡਾ. ਡੀਪੀ ਖੌਸਲਾ, ਸੁਰਿੰਦਰ ਕਲਿਆਣ, ਰਜਿੰਦਰ ਹੰਸ, ਸੁਧੀਰ ਧਾਰੀਵਾਲ, ਲਵ ਦਾਵ੍ਰਿੜ, ਜਸਵੀਰ ਲਵਣ, ਕੇਪੀ ਦਾਨਵ, ਅਕਸ਼ੇ ਰਾਜ, ਪਿੰਕਾ ਚੰਡਾਲਿਆ ਮੌਜੂਦ ਸਨ