ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਜੁਲਾਈ
ਨਗਰ ਨਿਗਮ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਸੰਘਰਸ਼ ਕਰ ਰਹੀ ਸੀਵਰਮੈਨ-ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਅੱਜ ਦੂਜੇ ਦਿਨ ਵੀ ਨਗਰ ਨਿਗਮ ਏ ਜ਼ੋਨ ਦੇ ਬਾਹਰ ਭੁੱਖ ਹੜਤਾਲ ਜਾਰੀ ਰੱਖੀ। ਇਸ ਦੌਰਾਨ ਕਮੇਟੀ ਦੇ ਮੈਂਬਰਾਂ ਨੇ ਨਗਰ ਨਿਗਮ ਤੇ ਸਰਕਾਰ ਦੇ ਇਸ ਰਵੱਈਏ ਵਿਰੁੱਧ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਮੈਂਬਰਾਂ ਕਹਿਣਾ ਹੈ ਕਿ ਨਗਰ ਨਿਗਮ ਵਿੱਚ ਕੰਮ ਕਰ ਰਹੇ ਕੱਚੇ ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ, ਮਾਲੀ, ਬੇਲਦਾਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਾਉਣ ਲਈ ਅਤੇ ਸਫ਼ਾਈ ਕਰਮਚਾਰੀਆਂ ਨੂੰ ਆਊਟਸੋਰਸ ’ਤੇ ਰੱਖਣ ਖਿਲਾਫ਼ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਅੱਜ ਦੀ ਭੁੱਖ ਹੜਤਾਲ ਵਿੱਚ ਲਵ ਦ੍ਰਾਵਿੜ, ਸੁਧੀਰ ਧਾਰੀਵਾਲ, ਨੀਰਜ ਸੁਭਾਹੂ, ਕੁਲਦੀਪ ਧੀਂਗਾਨ, ਵਿਨੋਦ ਅਖ਼ਤਰ ਸ਼ਾਮਲ ਸਨ। ਆਗੂਆਂ ਨੇ ਐਲਾਨ ਕੀਤਾ ਕਿ 7 ਜੁਲਾਈ ਨੂੰ ਡੀਪੀ ਖੋਸਲਾ ਦੀ ਅਗਵਾਈ ਵਿੱਚ ਸੋਹਣਵੀਰ ਰਣੀਆ, ਵਿਜੇ ਲੰਬੜਦਾਰ, ਗਗਨ ਘਈ, ਸੁਭਾਸ਼ ਸੌਦੇ, ਜੈ ਕੁਮਾਰ ਵੱਲੋਂ ਇੱਕ ਦਿਨਾਂ ਭੁੱਖ ਹੜਤਾਲ ਕੀਤੀ ਜਾਵੇਗੀ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨਿਗਮ ਵਿੱਚ ਕੰਮ ਕਰ ਰਹੇ ਸਾਰੇ ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ, ਮਾਲੀ, ਬੇਲਦਾਰਾਂ ਅਤੇ ਡਰਾਈਵਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਬੀਤੇ ਦਿਨੀਂ ਨਿਗਮ ਵੱਲੋਂ ਠੇਕਾ ਤੇ ਵਿੱਤ ਕਮੇਟੀ ਦੇ ਫ਼ੈਸਲੇ ਨੂੰ ਰੱਦ ਕੀਤਾ ਜਾਵੇ।