ਖੇਤਰੀ ਪ੍ਰਤੀਨਿਧ
ਲੁਧਿਆਣਾ , 13 ਜਨਵਰੀ
‘ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਦਿੱਤੇ ਸੱਦੇ ਤਹਿਤ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਲੁਧਿਆਣਾ ਦੀ ਅਗਵਾਈ ਵਿੱਚ ਅੱਜ ਸਰਕਾਰੀ ਸਕੂਲਾਂ ਦੇ ਕੱਚੇ ਪੱਕੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਆਗੂਆਂ ਸੁਖਵਿੰਦਰ ਸਿੰਘ ਲੀਲ੍ਹ, ਰਮਨਜੀਤ ਸਿੰਘ ਸੰਧੂ ਅਤੇ ਰਜਿੰਦਰ ਜੰਡਿਆਲੀ ਨੇ ਕਿਹਾ ਕਿ ਸਰਕਾਰ ਵੱਲੋਂ 37 ਦੇ ਕਰੀਬ ਭੱਤੇ ਕੱਟ ਕੇ, ਪੁਰਾਣੀ ਪੈਨਸ਼ਨ ਨਾ ਬਹਾਲ ਕਰ ਕੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਧੋਖਾ ਕੀਤਾ ਹੈ। ਇਸ ਮੌਕੇ ਲੁਧਿਆਣਾ ਦੇ ਸਕੂਲਾਂ ਅੰਦਰ ਸਰਕਾਰ ਪ੍ਰਤੀ ਰੋਸ ਜਾਹਰ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਲੋਹੜੀ ਬਾਲਣ ਦੀ ਥਾਂ ਸਰਕਾਰ ਦੇ ਲੰਗੜੇ ਪੇਅ ਕਮਿਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 36000 ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਤਾਂ ਕਰੋੜਾਂ ਰੁਪਏ ਲਗਾ ਕੇ ਵੱਡੇ ਪੱਧਰ ’ਤੇ ਇਸ਼ਤਿਹਾਰਬਾਜ਼ੀ ਕੀਤੀ ਗਈ ਪਰ ਕਿਸੇ ਇੱਕ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਚੋਣਾਂ ਦੌਰਾਨ ਮੁਹਿੰਮ ਚਲਾ ਕੇ ਸਰਕਾਰਾਂ ਦੁਆਰਾ ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਸਮੇਤ ਵਿਭਾਗਾਂ ਦੇ ਹੋਰ ਵਰਗਾਂ ਨਾਲ ਕੀਤੀ ਵਾਅਦਾਖ਼ਿਲਾਫ਼ੀ ਦੀ ਪੋਲ ਖੋਲ੍ਹਣਗੇ। ਇਸ ਮੌਕੇ ਡਾ. ਸੁਖਦਰਸ਼ਨ ਸਿੰਘ, ਕੁਲਜਿੰਦਰ ਸਿੰਘ ਬੱਦੋਵਾਲ, ਗੁਰਮਿੰਦਰ ਸਿੰਘ ਲਤਾਲਾ, ਜੀਵਨ ਸਿੰਘ ਝੱਮਟ, ਨੀਰੂ ਪ੍ਰਾਸ਼ਰ , ਕਾਰਤਿਕ ਕੌਸ਼ਲ , ਵੀਰਪਾਲ ਕੌਰ, ਹਰਸ਼ਦੀਪ ਕੌਰ ਸਿਮਰਦੀਪ ਕੌਰ, ਮਨਿੰਦਰ ਪ੍ਰੀਤ ਕੌਰ ਆਦਿ ਹਾਜ਼ਰ ਸਨ।
ਕੱਚੇ ਮੁਲਾਜ਼ਮ ਮੋਰਚੇ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ
ਸਮਰਾਲਾ (ਪੱਤਰ ਪ੍ਰੇਰਕ): ਇਥੇ ਪੰਜਾਬ-ਯੂ.ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਸਰਕਾਰ ਦੇ ਲਾਰਿਆ ਦੀ ਲੋਹੜੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮੋਰਚੇ ਦੇ ਆਗੂ ਹਰਜੀਤ ਕੌਰ ਸਮਰਾਲਾ, ਭਾਗ ਖਾਂ, ਲਖਵੀਰ ਸਿੰਘ ਅਤੇ ਹਰਦੀਪ ਸਿੰਘ ਨੇ ਆਖਿਆ ਕਿ, ਜਿੱਥੇ ਪਿਛਲੀ ਅਕਾਲੀ ਸਰਕਾਰ ਵੱਲੋਂ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ ਸੀ, ਉੱਥੇ ਮੌਜੂਦਾ ਕਾਂਗਰਸ ਸਰਕਾਰ ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਦੇ ਉਲਟ ਜਾ ਕੇ ਆਪਣੇ ਕਾਰਜਕਾਲ ਦੇ ਪੰਜ ਸਾਲਾਂ ਦੌਰਾਨ ਇੱਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ। ਮੋਰਚੇ ਦੇ ਆਗੂ ਹਰਜੀਤ ਕੌਰ ਸਮਰਾਲਾ, ਭਾਗ ਖਾਂ, ਲਖਵੀਰ ਸਿੰਘ ਅਤੇ ਹਰਦੀਪ ਸਿੰਘ ਨੇ ਆਖਿਆ ਕਿ, ਜਿੱਥੇ ਪਿਛਲੀ ਅਕਾਲੀ ਸਰਕਾਰ ਵੱਲੋਂ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਗਿਆ ਸੀ, ਉੱਥੇ ਮੌਜੂਦਾ ਕਾਂਗਰਸ ਸਰਕਾਰ ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਦੇ ਉਲਟ ਜਾ ਕੇ ਆਪਣੇ ਕਾਰਜਕਾਲ ਦੇ ਪੰਜ ਸਾਲਾਂ ਦੌਰਾਨ ਇੱਕ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ। ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ, ‘ਮਾਣ-ਭੱਤਾ, ਕੱਚਾ ਤੇ ਕੰਟਰੈਕਟ’ ਮੁਲਾਜਮ ਮੋਰਚੇ ਵੱਲੋਂ ਚੋਣ ਜਾਬਤੇ ਦੌਰਾਨ ਵੱਡੇ ਪੱਧਰ ਤੇ ਪ੍ਰਚਾਰ ਮੁਹਿੰਮ ਚਲਾ ਕੇ ਸਰਕਾਰਾਂ ਦੁਆਰਾ ਕੱਚੇ ਮੁਲਾਜਮਾਂ ਅਤੇ ਮਾਣ-ਭੱਤਾ ਵਰਕਰਾਂ ਸਮੇਤ ਸਮਾਜ ਦੇ ਹੋਰ ਵਰਗਾਂ ਨਾਲ ਕੀਤੀ ਵਾਅਦਾ ਖਿਲਾਫੀ ਦੀ ਪੋਲ ਖੋਲੀ ਜਾਵੇਗੀ। ਇਸ ਮੌਕੇ ਚੋਣ ਕਮਿਸ਼ਨ ਤੋਂ ਵੀ ਮੰਗ ਕੀਤੀ ਗਈ ਕਿ, ਸਿਆਸੀ ਪਾਰਟੀਆਂ ਦੁਆਰਾ ਜਾਰੀ ਕੀਤੇ ਜਾਂਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਦਸਤਾਵੇਜ ਐਲਾਨਿਆ ਜਾਵੇ ਤਾਂ ਕਿ ਸਿਆਸੀ ਪਾਰਟੀਆਂ ਦੁਆਰਾ ਝੂਠੇ ਵਾਅਦੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਕੀਤੇ ਜਾਂਦੇ ਖਿਲਵਾੜ ਨੂੰ ਨੱਥ ਪਾਈ ਜਾਵੇ। ਇਸ ਮੌਕੇ ਹਰਦੇਵ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਸੁਖਜੋਤ ਸਿੰਘ ਅਤੇ ਅਵਲਨੂਰ ਸਿੰਘ ਉਟਾਲ ਆਦਿ ਆਗੂ ਹਾਜ਼ਰ ਸਨ।