ਮੁਲਾਜ਼ਮ-ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸੰਘਰਸ਼ ਦਾ ਐਲਾਨ

ਮੁਲਾਜ਼ਮ-ਪੈਨਸ਼ਨਰ ਸਾਂਝਾ ਫਰੰਟ ਵੱਲੋਂ ਸੰਘਰਸ਼ ਦਾ ਐਲਾਨ

ਸਾਂਝਾ ਫਰੰਟ ਦੀ ਮੀਟਿੰਗ ਵਿੱਚ ਹਾਜ਼ਰ ਸੂਬਾਈ ਆਗੂ।

ਗੁਰਿੰਦਰ ਸਿੰਘ 
ਲੁਧਿਆਣਾ, 12 ਜੁਲਾਈ

ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੈਪਟਨ ਸਰਕਾਰ ਵੱਲੋਂ  ਮੰਨੀਆਂ ਮੰਗਾਂ ਲਟਕਾਉਣ ਲਈ ਅਪਣਾਈ ਜਾ ਰਹੀ ਪੈਂਤੜੇਬਾਜ਼ੀ ਖ਼ਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆਂ 20 ਜੁਲਾਈ ਤੋਂ ਪੰਜਾਬ ਭਰ ਵਿੱਚ ਰੋਸ ਹਫ਼ਤਾ ਮਨਾਉਂਦਿਆਂ ਘੜਾ ਭੰਨ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਹ ਫੈਸਲਾ ਅੱਜ ਇੱਥੇ ਪੰਜਾਬ -ਯੂ.ਟੀ.ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਸੂਬਾਈ ਮੀਟਿੰਗ ਵਿੱਚ ਕੀਤਾ ਗਿਆ ਹੈ ਜਿਸਦੀ ਪ੍ਰਧਾਨਗੀ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਕੀਤੀ। ਫਰੰਟ ਦੇ ਕਨਵੀਨਰਾਂ ਸਤੀਸ਼ ਰਾਣਾ, ਠਾਕੁਰ ਸਿੰਘ, ਕਰਮ ਸਿੰਘ ਧਨੋਆ, ਬਖਸ਼ੀਸ਼ ਸਿੰਘ, ਸੱਜਣ ਸਿੰਘ, ਸੁਖਚੈਨ ਸਿੰਘ ਖਹਿਰਾ ਅਤੇ ਮੇਘ ਸਿੰਘ ਸਿੱਧੂ ਨੇ ਦਸਿਆ ਕਿ 20 ਜੁਲਾਈ ਤੋਂ 25 ਜੁਲਾਈ ਤੱਕ ਮਨਾਏ ਜਾ ਰਹੇ ਰੋਸ ਹਫਤੇ ਦੌਰਾਨ ਉਹ ਰੋਸ ਵਜੋਂ ਕਾਲੇ ਮਾਸਿਕ ਬੰਨ੍ਹ ਕੇ ਕਾਲੇ ਝੰਡਿਆਂ ਨਾਲ ਬਲਾਕ ਅਤੇ ਤਹਿਸੀਲ ਪੱਧਰ ਤੇ ਮੁਜ਼ਾਹਰੇ ਕਰਕੇ ਕੈਪਟਨ ਸਰਕਾਰ ਦੀਆਂ ਵਧੀਕੀਆਂ, ਝੂਠੇ ਲਾਰਿਆਂ ਤੇ ਪਾਪਾਂ ਨਾਲ ਭਰੇ ਘੜੇ ਭੰਨਣਗੇ  ਤੇ ਸਰਕਾਰ ਨੂੰ ਮੰਗਾਂ ਸਬੰਧੀ ਯਾਦ ਪੱਤਰ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਦੀ ਵਿਊਂਤਬੰਦੀ ਲਈ 15 ਜੁਲਾਈ ਨੂੰ ਸੂਬੇ ਭਰ ਵਿੱਚ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਅਜ਼ਾਦੀ ਦਿਵਸ ਤੋਂ ਪਹਿਲਾਂ 13 ਅਗਸਤ ਨੂੰ ਜ਼ਿਲ੍ਹਾ ਪੱਧਰ ’ਤੇ ਮੁੜ ਜਬਰਦਸਤ ਰੋਸ ਮੁਜ਼ਾਹਰੇ ਕਰਕੇ ਮੰਗਾਂ ਸਬੰਧੀ ਯਾਦ ਪੱਤਰ ਸਰਕਾਰ ਨੂੰ ਭੇਜੇ ਜਾਣਗੇ। 

ਮੀਟਿੰਗ ਵਿੱਚ ਫਰੰਟ ਦੇ ਸੂਬਾਈ ਆਗੂਆਂ ਅਵਿਨਾਸ਼ ਚੰਦਰ ਸ਼ਰਮਾ, ਧਨਵੰਤ ਸਿੰਘ ਭੱਠਲ, ਰਾਧੇ ਸ਼ਾਮ, ਜਗਦੀਸ਼ ਚਾਹਲ, ਤੀਰਥ ਸਿੰਘ ਬਾਸੀ, ਰਣਜੀਤ ਸਿੰਘ ਰਾਣਵਾਂ, ਨਿਰਮਲ ਸਿੰਘ, ਫਕੀਰ ਸਿੰਘ ਘੁੰਮਣ, ਭਜਨ ਸਿੰਘ ਗਿੱਲ, ਦਰਸ਼ਨ ਬੇਲੂਮਾਜਰਾ, ਜਗਦੀਸ਼ ਸਿੰਘ ਸਮਾਓ, ਕੁਲਵਰਨ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ ਉਟਾਲਾ  ਨੇ ਸ਼ਮੂਲੀਅਤ ਕੀਤੀ।

ਰੁਪਾਲੋਂ ’ਚ ਪ੍ਰਦਰਸ਼ਨ ਲਈ ਲਾਮਬੰਦੀ

ਸਮਰਾਲਾ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਹੇਠ 20 ਜੁਲਾਈ ਨੂੰ ਕਿਸਾਨਾਂ ਵੱਲੋਂ ਸੂਬੇ ਭਰ ਵਿੱਚ ਸੜਕਾਂ ’ਤੇ ਟਰੈਕਟਰ ਖੜ੍ਹੇ ਕਰਕੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਲਾਮਬੰਦੀ ਲਈ ਅੱਜ ਪਿੰਡ ਰੁਪਾਲੋਂ ਵਿੱਚ ਕਿਸਾਨਾਂ ਦੀ ਭਰਵੀਂ ਮੀਟਿੰਗ ਹੋਈ। ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਇਨ੍ਹਾਂ ਨਵੇਂ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਵੱਡੇ ਤੋਂ ਵੱਡਾ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਭਗਵਾਨ ਸਿੰਘ ਰੁਪਾਲੋਂ, ਬਲਾਕ ਪ੍ਰਧਾਨ ਬਲਵੰਤ ਸਿੰਘ ਰਾਜੇਵਾਲ, ਸੁਖਦੇਵ ਸਿੰਘ ਮਾਂਗਟ, ਜਗਦੀਪ ਸਿੰਘ ਅਤੇ ਰਜਿੰਦਰ ਸਿੰਘ ਕੋਟ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All