ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਨਵੰਬਰ
ਅਧਿਆਪਕਾਂ ਦਾ ਇੱਕ ਵਫਦ ਜਗਦੀਪ ਸਿੰਘ ਜੌਹਲ ਅਤੇ ਜਗਜੀਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਮਿਲਿਆ ਅਤੇ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਤਰੱਕੀਆਂ ਸਬੰਧੀ ਲਟਕਦੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ। ਇਸ ਵਫਦ ਨੇ ਮੰਤਰੀ ਤੋਂ ਸਿੱਧੀ ਭਰਤੀ ਦੇ ਕੋਟੇ ਨੂੰ 25 ਫੀਸਦ ਤੱਕ ਸੀਮਤ ਰੱਖਣ, ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 45 ਸਾਲ ਦੀ ਉਮਰ ਹੱਦ ਪਾਰ ਕਰ ਚੁੱਕੇ ਅਧਿਆਪਕਾਂ ਨੂੰ ਸਕੂਲ ਮੁਖੀਆਂ ਦੀ ਸਿੱਧੀ ਭਰਤੀ ਵਾਸਤੇ ਯੋਗ ਸਮਝਣ ਅਤੇ ਪ੍ਰਾਇਮਰੀ/ਹਾਈ ਦੇ ਸਕੂਲ ਮੁਖੀਆਂ ਨੂੰ ਖਜ਼ਾਨੇ ’ਤੇ ਬਿਨਾਂ ਵਿੱਤੀ ਬੋਝ ਪਾਇਆਂ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਵਾਂਗ ਪ੍ਰਿੰਸੀਪਲ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਸਾਇੰਸ ਮਾਸਟਰਾਂ ਦੀ ਤਰਜ਼ ’ਤੇ ਵੋਕੇਸ਼ਨਲ, ਕਾਮਰਸ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਲਈ ਪ੍ਰੈਕਟੀਕਲ ਭੱਤਾ ਦੇਣ ਤੋਂ ਇਲਾਵਾ ਚੋਣਾਂ ਤੋਂ ਪਹਿਲਾਂ-ਪਹਿਲਾਂ ਅਧਿਆਪਕਾਂ ਦੀਆਂ ਬਦਲੀਆਂ ਉਨ੍ਹਾਂ ਦੀ ਇੱਛਾ ਮੁਤਾਬਕ ਨੇੜੇ ਦੇ ਸਟੇਸ਼ਨਾਂ ’ਤੇ ਕਰਨ ਦੀ ਮੰਗ ਵੀ ਕੀਤੀ ਗਈ। ਵਫਦ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ। ਅਧਿਆਪਕ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨਾਲ ਉਨ੍ਹਾਂ ਦੀ ਇਹ ਦੂਜੀ ਮੀਟਿੰਗ ਸੀ ਅਤੇ ਅਧਿਆਪਕਾਂ ਦੇ ਮਸਲੇ ਹੱਲ ਕਰਵਾਉਣ ਲਈ ਭਵਿੱਖ ’ਚ ਵੀ ਮੀਟਿੰਗਾਂ ਦਾ ਦੌਰਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਬਦੇਸ਼ਾ, ਪ੍ਰਭਜੀਤ ਸਿੰਘ, ਹਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਛੀਨਾ, ਬਲਜੀਤ ਸਿੰਘ, ਅਮਨਦੀਪ ਸਿੰਘ, ਮਨਜੀਤ ਸਿੰਘ, ਅਮਨਦੀਪ ਕੁਮਾਰ, ਰੋਹਿਤ ਅਵਸਥੀ ਅਤੇ ਰੋਹਿਤ ਸ਼ਰਮਾ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।