ਗੁਰਿੰਦਰ ਸਿੰਘ
ਲੁਧਿਆਣਾ, 24 ਸਤੰਬਰ
ਪੱਖੋਵਾਲ ਰੋਡ ਅਤੇ ਦੁੱਗਰੀ ਦੇ ਨਾਲ ਲੱਗਦੀਆਂ ਇੱਕ ਦਰਜਨ ਦੇ ਕਰੀਬ ਕਲੋਨੀਆਂ ਦੇ ਵਸਨੀਕਾਂ ਨੂੰ ਅੱਜ ਤੜਕੇ ਸਾਢੇ ਤਿੰਨ ਵਜੇ ਤੋਂ ਕਈ ਘੰਟੇ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੱਖੋਵਾਲ ਰੋਡ ਸਥਿਤ ਪਾਸੀ ਨਗਰ, ਗਰੀਨ ਐਵੇਨਿਊ, ਹਾਊਸਫੈੱਡ ਕੰਪਲੈਕਸ ਅਤੇ ਦੁੱਗਰੀ ਨਾਲ ਲੱਗਦੀਆਂ ਕਲੋਨੀਆਂ ਫਲਾਵਰ ਇਨਕਲੇਵ, ਗੁਰੂ ਅੰਗਦ ਦੇਵ ਨਗਰ, ਭਾਰਤ ਗੈਸ ਗੁਦਾਮ ਦਾ ਸਮੁੱਚਾ ਇਲਾਕਾ, ਮੋਤੀ ਬਾਗ਼ ਕਲੋਨੀ, ਫੁੱਲਾਂਵਾਲ, ਵਿਕਰਮਾਦੱਤ ਕਲੋਨੀ, ਮੋਨਿਕਾ ਗੈਸ ਗੁਦਾਮ ਦਾ ਸਾਰਾ ਪਾਸਾ ਅਤੇ ਬਸੰਤ ਵਾਟਿਕਾ ਆਦਿ ਦੀ ਬਿਜਲੀ ਸਪਲਾਈ ਪੰਜ ਘੰਟੇ ਦੇ ਕਰੀਬ ਠੱਪ ਰਹੀ। ਇਸ ਦੌਰਾਨ ਕੋਈ ਘਰਾਂ ਦੇ ਇਨਵਰਟਰ ਜਵਾਬ ਦੇ ਗਏ ਅਤੇ ਕਈ ਇਲਾਕਿਆਂ ਵਿੱਚ ਪਾਣੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪਿਆ।
ਇਨ੍ਹਾਂ ਇਲਾਕਿਆਂ ਵਿੱਚ ਤੜਕੇ 3:30 ਦੇ ਕਰੀਬ ਬਿਜਲੀ ਸਪਲਾਈ ਬੰਦ ਹੋ ਗਈ ਸੀ, ਜਦਕਿ ਪਾਵਰਕੌਮ ਐਪ ਉਪਰ ਬਿਜਲੀ ਬੰਦ ਹੋਣ ਦਾ ਸਮਾਂ 3:45 ਵਜੇ ਦਾ ਪਾ ਕੇ 6:45 ਵਜੇ ਬਿਜਲੀ ਸਪਲਾਈ ਬਹਾਲ ਹੋਣ ਦੀ ਸੂਚਨਾ ਪਾਈ ਗਈ ਸੀ। ਇਸਤੋਂ ਬਾਦ ਸਮਾਂ ਵਧਾ ਕੇ 7:45 ਅਤੇ ਮੁੜ 8:45 ਕਰ ਦਿੱਤਾ ਗਿਆ। ਲੋਕਾਂ ਦੀ ਹੈਰਾਨੀ ਉਸ ਸਮੇਂ ਵੱਧ ਗਈ ਜਦੋਂ ਬਿਜਲੀ ਸਪਲਾਈ ਦਿੱਤੇ ਗਏ ਸਮੇਂ 8:45 ਤੋਂ ਪਹਿਲਾਂ ਹੀ 8:25 ’ਤੇ ਹੀ ਬਹਾਲ ਹੋ ਗਈ। ਇਸ ਦੌਰਾਨ ਇਨ੍ਹਾਂ ਕਲੋਨੀਆਂ ਦੇ ਵਸਨੀਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਇਸ ਇਲਾਕੇ ਵਿੱਚ ਬਿਜਲੀ ਸਪਲਾਈ ਦੀ ਬਹੁਤ ਹੀ ਮੰਦੀ ਹਾਲਤ ਬਣੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਬਿਜਲੀ ਗੁੱਲ ਹੋਣ ਦੇ ਬਾਵਜੂਦ ਪਾਵਰਕੌਮ ਐਪ ’ਤੇ ਪੜ੍ਹਨ ਨੂੰ ਮਿਲਦਾ ਹੈ ਕਿ ਮਾਡਲ ਟਾਊਨ ਸਬ-ਡਿਵੀਜ਼ਨ ਦੇ ਸਾਰੇ ਇਲਾਕੇ ਵਿੱਚ ਬਿਜਲੀ ਸਪਲਾਈ ਓ ਕੇ ਹੈ ਜਦਕਿ ਇਸਦੇ ਬਾਵਜੂਦ ਕਈ ਕਈ ਘੰਟੇ ਬਿਜਲੀ ਬੰਦ ਰਹਿੰਦੀ ਹੈ। ਇਸ ਸਬੰਧੀ ਜਦੋਂ ਪਾਵਰਕੌਮ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਥਾਨਕ ਪੱਧਰ ’ਤੇ ਜਦੋਂ ਕਿਸੇ ਇਲਾਕੇ ਵਿੱਚ ਕੋਈ ਨੁਕਸ ਪੈ ਜਾਂਦਾ ਹੈ ਤਾਂ ਉਸਨੂੰ ਠੀਕ ਕਰਨ ਲਈ ਕਈ ਵਾਰ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਵੀ ਬੰਦ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਕਾਰਨ ਕੁੱਝ ਇਲਾਕਿਆਂ ਵਿੱਚ ਬਿਜਲੀ ਦੀਆਂ ਤਾਰਾਂ ਦਾ ਨੁਕਸਾਨ ਹੋ ਗਿਆ ਸੀ ਜਿਸਦੀ ਮੁਰੰਮਤ ਲਈ ਬਿਜਲੀ ਸਪਲਾਈ ਬੰਦ ਕਰਨੀ ਪਈ ।