ਦੇਵਿੰਦਰ ਸਿੰਘ ਜੱਗੀ
ਪਾਇਲ, 8 ਅਗਸਤ
ਮੋਦੀ ਸਰਕਾਰ ਵੱਲੋਂ ਲੋਕ ਸਭਾ ਵਿੱਚ ਪਾਸ ਕੀਤੇ ਗਏ ਬਿਜਲੀ ਸੋਧ ਬਿੱਲ: 2022 ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਰੋਧ ਕਰਦਿਆਂ ਪਿੰਡ ਘਲੋਟੀ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ। ਬਲਾਕ ਦੋਰਾਹਾ ਦੇ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਅਤੇ ਰਵਨਦੀਪ ਸਿੰਘ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਆਪਣੇ ਫਾਸ਼ੀਵਾਦੀ ਰਵੱਈਏ ਤਹਿਤ ਖੇਤੀ ਕਾਨੂੰਨਾਂ ਵਾਂਗ ਇਹ ਬਿਜਲੀ ਬਿਲ ਐਕਟ 2022 ਪਾਸ ਕੀਤਾ ਗਿਆ ਹੈ। ਇਸ ਬਿਜਲੀ ਬਿਲ ਐਕਟ ਤਹਿਤ ਪੂਰੀ ਬਿਜਲੀ ਦਾ ਨਿੱਜੀਕਰਨ ਕਰਕੇ ਸਾਰਾ ਪ੍ਰਬੰਧ ਵੱਡੀਆਂ ਸਾਮਰਾਜੀ ਕੰਪਨੀਆਂ ਅਤੇ ਕਾਰਪੋਰੇਟ ਘੁਰਾਣਿਆਂ ਦੇ ਹੱਥਾਂ ਚ ਚਲਾ ਜਾਣਾ ਹੈ। ਬਿਜਲੀ ਬਿਲ ਐਕਟ 2022 ਦੇ ਲਾਗੂ ਹੋਣ ਨਾਲ ਕਿਸਾਨਾਂ ਨੂੰ ਟਿਊਬਵੈਲਾਂ ਤੇ ਸਬਸਿਡੀ ਤਹਿਤ ਮਿਲਦੀ ਬਿਜਲੀ ਸਪਲਾਈ ਵੀ ਬੰਦ ਹੋ ਜਾਣੀ ਹੈ, ਫਿਰ ਪੂੰਜੀਪਤੀ ਘਰਾਣੇ ਮਨਮਰਜ਼ੀ ਦੇ ਰੇਟਾਂ ’ਤੇ ਕਿਸਾਨਾਂ-ਮਜ਼ਦੂਰਾਂ ਨੂੰ ਬਿਜਲੀ ਵੇਚਣਗੇ। ਕਿਸਾਨ ਆਗੂਆਂ ਨੇ ਅਰਥੀ ਫੂਕਣ ਸਮੇਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਂਦਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਾਂਗ ਕੇਂਦਰ ਸਰਕਾਰ ਨੂੰ ਬਿਜਲੀ ਬਿਲ ਐਕਟ 2022 ਵੀ ਵਾਪਸ ਲੈਣਾ ਪਵੇਗਾ। ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਦਵਿੰਦਰ ਸਿੰਘ ਘਲੋਟੀ, ਨਵਜੋਤ ਸਿੰਘ ਰੀਟਾ, ਜਰਨੈਲ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ, ਸੰਦੀਪ ਸਿੰਘ, ਜ਼ੋਰਾ ਸਿੰਘ, ਕੇਵਲ ਸਿੰਘ, ਕੁਲਵਿੰਦਰ ਸਿੰਘ ਕਿੰਦਾ ਅਤੇ ਚਰਨਜੀਤ ਸਿੰਘ ਨੇ ਸੰਬੋਧਨ ਕੀਤਾ।
ਬਿਜਲੀ ਕਾਮਿਆਂ ਨੇ ਕਾਲੇ ਬਿੱਲੇ ਲਾ ਕੇ ਰੋਸ ਜਤਾਇਆ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਪਾਵਰ ਕਾਰਪੋਰੇਸ਼ਨ ਦੇ ਲਲਤੋਂ ਕਲਾਂ ਸਬ-ਅਰਬਨ ਸਰਕਲ ਦੇ ਬਿਜਲੀ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਾ ਕੇ ਅਤੇ ਕਾਲੇ ਝੰਡੇ ਲਹਿਰਾ ਕੇ ਦਫ਼ਤਰਾਂ ਦੇ ਗੇਟਾਂ ਉੱਪਰ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਬਿਜਲੀ ਸੋਧ ਬਿੱਲ-2022 ਨੂੰ ਸੰਸਦ ਵਿੱਚ ਪੇਸ਼ ਕਰਨ ਵਿਰੁੱਧ ਅਰਥੀਆਂ ਫੂਕੀਆਂ ਅਤੇ ਰੋਸ ਰੈਲੀਆਂ ਕੀਤੀਆਂ। ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਅਰਬਨ ਸਰਕਲ ਲੁਧਿਆਣਾ ਦੇ ਪ੍ਰਧਾਨ ਜ਼ਮੀਰ ਹੁਸੈਨ ਅਤੇ ਸਕੱਤਰ ਨਛੱਤਰ ਸਿੰਘ ਢੋਲਣ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਸੰਘੀ ਢਾਂਚੇ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਬਿਜਲੀ ਕਾਮਿਆਂ ਨੇ ਸੂਬਾ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਤੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ, ਬਰਾਬਰ ਕੰਮ ਬਦਲੇ ਬਰਾਬਰ ਤਨਖ਼ਾਹ ਦਾ ਕਾਨੂੰਨ ਲਾਗੂ ਕਰਨ, ਪਰਖ ਕਾਲ ਦਾ ਸਮਾਂ ਘਟਾ ਕੇ ਇੱਕ ਸਾਲ ਕਰਨ, ਤਨਖ਼ਾਹ ਸਕੇਲਾਂ ਦੀਆਂ ਤਰੁੱਟੀਆਂ ਦੂਰ ਕਰਨ ਅਤੇ ਠੇਕੇਦਾਰੀ ਪ੍ਰਬੰਧ ਦੀ ਥਾਂ ਪੱਕੀ ਭਰਤੀ ਕਰਨ ਦੀ ਮੰਗ ਕੀਤੀ।