ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਮਾਰਚ
ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਅੱਜ ਇਥੇ ਆਪਣੇ ਦਫ਼ਤਰ ਵਿੱਚ ਨਗਰ ਕੌਂਸਲ ਜਗਰਾਉਂ ਦੇ ਨਵੇਂ ਚੁਣੇ ਗਏ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ ਕੀਤੀ। ਡੇਢ ਮਹੀਨਾ ਪਹਿਲਾਂ ਹੋਈਆਂ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਸੀ। ਇਸ ਦੇ ਬਾਵਜੂਦ ਨਗਰ ਕੌਂਸਲ ਦੇ ਅਗਲੇ ਪ੍ਰਧਾਨ ਬਾਰੇ ਭੇਤ ਹਾਲੇ ਬਰਕਰਾਰ ਹੈ। ਵੇਰਵਿਆਂ ਅਨੁਸਾਰ ਪ੍ਰਧਾਨ ਚੁਣਨ ਦਾ ਮਾਮਲਾ ਦੋ ਹਫ਼ਤੇ ਹਾਲੇ ਹੋਰ ਲਟਕ ਸਕਦਾ ਹੈ ਭਾਵੇਂ ਕਿ ਅੰਦਰਖਾਤੇ ਇਸ ਸਬੰਧੀ ਸਰਗਰਮੀਆਂ ਤੇਜ਼ ਹਨ। ਦਾਖਾ ਨੇ ਅੱਜ ਦੀ ਮੀਟਿੰਗ ਨੂੰ ਰਸਮੀ ਦੱਸਦਿਆਂ ਆਖਿਆ ਕਿ ਹਾਲੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਦੀ ਰਸਮ ਬਾਕੀ ਹੈ। ਸਮੁੱਚੇ ਪੰਜਾਬ ਅੰਦਰ ਨਵੇਂ ਬਣੇ ਕੌਂਸਲਰਾਂ ਨੂੰ ਸਹੁੰ ਚੁਕਾਏ ਜਾਣ ਤੋਂ ਬਾਅਦ ਹੀ ਨਵੇਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। 14 ਫਰਵਰੀ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਆ ਗਏ ਸਨ, ਇਸ ਦੇ ਬਾਵਜੂਦ ਹਾਲੇ ਤੱਕ ਕੌਂਸਲਰਾਂ ਨੂੰ ਸਹੁੰ ਨਹੀਂ ਚੁਕਾਈ ਜਾ ਸਕੀ, ਜਿਸ ਕਰ ਕੇ ਪ੍ਰਧਾਨ ਚੁਣਨ ਦਾ ਕੰਮ ਵੀ ਲਟਕਿਆ ਪਿਆ ਹੈ।
ਜਿਥੋਂ ਤੱਕ ਜਗਰਾਉਂ ਨਗਰ ਕੌਂਸਲ ਦਾ ਸਬੰਧ ਹੈ ਤਾਂ ਪਿਛਲੀ ਵਾਰ ਇਹ ਪ੍ਰਧਾਨਗੀ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਸੀ। ਐਤਕੀਂ ਪ੍ਰਧਾਨਗੀ ਜਨਰਲ ਹੋਵੇਗੀ ਜਾਂ ਕਿਸੇ ਔਰਤ ਲਈ ਰਾਖਵੀਂ, ਇਹ ਭੇਤ ਵੀ ਬਰਕਰਾਰ ਹੈ। ਇਸ ਭੇਤ ਤੋਂ ਪਰਦਾ ਚੁੱਕੇ ਜਾਣ ਤੋਂ ਬਾਅਦ ਹੀ ਪ੍ਰਧਾਨ ਦੇ ਨਾਂ ਤੋਂ ਵੀ ਪਰਦਾ ਚੁੱਕ ਹੋਵੇਗਾ। ਚੇਅਰਮੈਨ ਦਾਖਾ ਦਾ ਕਹਿਣਾ ਕਿ ਪੰਜਾਬ ਸਰਕਾਰ ਪਹਿਲਾਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇਗੀ। ਮੀਟਿੰਗ ’ਚ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ, ਕੰਵਰਪਾਲ ਸਿੰਘ, ਜਗਜੀਤ ਸਿੰਘ ਜੱਗੀ, ਅਮਨ ਕਪੂਰ ਬੌਬੀ, ਰਮੇਸ਼ ਸਹੋਤਾ, ਵਿਕਰਮ ਜੱਸੀ, ਅਨਮੋਲ ਗੁਪਤਾ (ਸਾਰੇ ਕੌਂਸਲਰ) ਤੋਂ ਇਲਾਵਾ ਬਲਾਕ ਪ੍ਰਧਾਨ ਰਵਿੰਦਰ ਸਭਰਵਾਲ, ਸਤਿੰਦਰਜੀਤ ਸਿੰਘ ਤੱਤਲਾ, ਰੋਹਿਤ ਗੋਇਲ, ਡਾ. ਇਕਬਾਲ ਸਿੰਘ ਧਾਲੀਵਾਲ, ਵਰਿੰਦਰ ਸਿੰਘ ਕਲੇਰ ਆਦਿ ਮੌਜੂਦ ਸਨ।