ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੁਲਾਈ
ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਦੀ ਅਗਵਾਈ ਹੇਠ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਨਵੇ ਜਥੇਬੰਧਕ ਢਾਂਚੇ ਦਾ ਐਲਾਨ ਕਰਦਿਆਂ ਹਰਮਿੰਦਰ ਸਿੰਘ ਚਾਹਲ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਵਿੱਚ ਗਤਕਾ ਪ੍ਰੇਮੀਆਂ ਤੇ ਗੱਤਕਾ ਪ੍ਰੋਮੋਟਰਾਂ ਦੀ ਮੀਟਿੰਗ ਦੌਰਾਨ ਵਰਿੰਦਰਪਾਲ ਸਿੰਘ ਨਾਰੰਗਵਾਲ ਨੂੰ ਜਨਰਲ ਸਕੱਤਰ, ਸੁਖਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਦੀਪ ਸਿੰਘ ਨੂੰ ਮੀਤ ਪ੍ਰਧਾਨ, ਰਘਬੀਰ ਸਿੰਘ ਡੇਹਲੋਂ ਨੂੰ ਜੁਆਇੰਟ ਜਨਰਲ ਸਕੱਤਰ, ਰਣਜੀਤ ਸਿੰਘ ਖਾਲਸਾ ਨੂੰ ਪ੍ਰੈੱਸ ਸਕੱਤਰ ਤੇ ਮਨਪ੍ਰੀਤ ਸਿੰਘ ਮਾਛੀਵਾੜਾ ਨੂੰ ਖਜ਼ਾਨਚੀ ਜਦੋਂਕਿ ਨਵਜੋਤ ਸਿੰਘ, ਜਸਵਿੰਦਰ ਪਾਲ ਸਿੰਘ ਤੇ ਬੀਬੀ ਪਰਵਿੰਦਰ ਕੌਰ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਇਸ ਮੌਕੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਕਿਹਾ ਕਿ ਗੱਤਕੇ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਲਈ ਗਤਕਾ ਫੈਡਰੇਸ਼ਨ ਆਫ ਇੰਡੀਆ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸ ਨੂੰ ਹੋਰ ਮਾਣ ਸਤਿਕਾਰ ਦਿਵਾਉਣ ਹਿੱਤ ਗੱਤਕਾ ਅਖਾੜਿਆਂ ਦੇ ਪ੍ਰਧਾਨ ਤੇ ਗਤਕਾ ਪ੍ਰੋਮੋਟਰ ਸਾਂਝੇ ਤੌਰ ’ਤੇ ਉੱਦਮ ਕਰਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਅਮੀਰ ਵਿਰਾਸਤੀ ਖੇਡ ਨਾਲ ਜੋੜਿਆ ਜਾ ਸਕੇ। ਇਸ ਮੌਕੇ ਹਰਮਿੰਦਰ ਸਿੰਘ ਚਾਹਲ ਨੇ ਕਿਹਾ ਕਿ ਗਤਕਾ ਪ੍ਰੇਮੀਆਂ ਤੇ ਸੰਗਤ ਵੱਲੋਂ ਜੋ ਵੱਡੀ ਸੇਵਾ ਬਖਸ਼ੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ।