ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਅਗਸਤ
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਦੇ ਲਏ ਫ਼ੈਸਲੇ ਅਨੁਸਾਰ ਜ਼ਿਲ੍ਹਾ ਲੁਧਿਆਣਾ ਵੱਲੋਂ ਸੂਬਾਈ ਆਗੂ ਚਰਨ ਸਿੰਘ ਸਰਾਭਾ ਅਤੇ ਪ੍ਰਵੀਨ ਕੁਮਾਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ।
ਪੰਜਾਬ ਰੋਡਵੇਜ਼ ਤੋਂ ਕਿਰਨਦੀਪ ਸਿੰਘ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਗੁਰਇਕਬਾਲ ਸਿੰਘ, ਗਡਵਾਸੂ ਤੋਂ ਬਲਰਾਜ ਸਿੰਘ, ਸਿਹਤ ਵਿਭਾਗ ਤੋਂ ਅਮਨਿੰਦਰ ਸਿੰਘ, ਸਰਕਾਰੀ ਕਾਲਜ ਤੋਂ ਸਰਬਜੀਤ ਸਿੰਘ ਡਾਂਗੋਂ ਸਾਂਝੇ ਕਨਵੀਨਰ ਲਗਾਏ ਗਏ ਅਤੇ ਵਿੱਤ ਸਕੱਤਰ ਟਹਿਲ ਸਿੰਘ ਸਰਾਭਾ ਨੂੰ ਬਣਾਇਆ ਗਿਆ। ਇਸ ਤੋਂ ਇਲਾਵਾ ਕਾਰਜਕਾਰੀ ਕਮੇਟੀ ਲਈ ਬਰਿੰਦਰ ਸਿੰਘ, ਸਤਵਿੰਦਰ ਸਿੰਘ, ਭੁਪਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਿੰਦਰ ਸਿੰਘ, ਮਨਪ੍ਰੀਤ ਸਿੰਘ, ਕੁਲਵੀਰ ਸਿੰਘ, ਪਰਮਜੀਤ ਸਿੰਘ ਸਵੱਦੀ, ਸੰਦੀਪ ਸਿੰਘ ਲਲਤੋਂ, ਲੈਕਚਰਾਰ ਦਵਿੰਦਰ ਸਿੰਘ ਨੂੰ ਮੈਂਬਰਾਂ ਵਜੋਂ ਚੁਣਿਆ ਗਿਆ।
ਨਵੇਂ ਚੁਣੇ ਅਹੁਦੇਦਾਰਾ ਨੇ ਕਿਹਾ ਕਿ ਜਨਵਰੀ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ’ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਜਾਵੇਗੀ ਪਰ ਹਾਲੇ ਤੱਕ ਇਸ ਮੁੱਦੇ ’ਤੇ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੁੰਭਕਰਨੀ ਨੀਂਦ ਵਿੱਚ ਸੁੱਤੀ ਸਰਕਾਰ ਨੂੰ ਜਗਾਉਣ ਲਈ 13 ਅਗਸਤ ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਘਰ ਵੱਲ ਨੂੰ ਕਾਲੇ ਚੋਲੇ ਪਾਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪਰਮਜੀਤ ਸਿੰਘ, ਹਰਸਿਮਰਨ ਸਿੰਘ ਅਤੇ ਸੁਰਿੰਦਰ ਬੈਂਸ ਹਾਜ਼ਰ ਸਨ।