ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜਨਵਰੀ
ਇੱਥੇ ਦੇ ਮੁੰਡੀਆਂ ਕਲਾਂ ਇਲਾਕੇ ’ਚ ਘਰ ਦੇ ਬਾਹਰ ਖੜ੍ਹੀ ਔਰਤ ਦੇ ਨਾਲ ਕੁੱਟਮਾਰ ਕਰਕੇ ਦੋ ਲੁਟੇਰਿਆਂ ਨੇ ਘਰ ’ਚ ਪਈ 36 ਹਜ਼ਾਰ ਨਕਦੀ ਤੇ ਗਹਿਣੇ ਲੁੱਟ ਲਏ ਤੇ ਲੁਟੇਰੇ ਫ਼ਰਾਰ ਹੋ ਗਏ। ਲੁਟੇਰੇ ਘਰ ਦੇ ਬਾਹਰ ਖੜ੍ਹੀ ਔਰਤ ਨੂੰ ਕੁੱਟਮਾਰ ਕਰ ਘਸੀਟ ਕੇ ਲੈ ਗਏ। ਅੰਦਰ ਔਰਤ ਨੂੰ ਤਾਰ ਨਾਲ ਬੰਨ੍ਹ ਦਿੱਤਾ ਤੇ ਫਰਾਟਾ ਪੱਖਾ ਚਲਾ ਦਿੱਤਾ ਤਾਂ ਕਿ ਔਰਤ ਦੀ ਆਵਾਜ਼ ਬਾਹਰ ਨਾ ਜਾ ਸਕੇ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਔਰਤ ਰੇਂਗਦੀ ਹੋਈ ਬਾਹਰ ਆਈ। ਇਲਾਕੇ ਦੇ ਨੌਜਵਾਨ ਨੇ ਉਸ ਨੂੰ ਦੇਖਿਆ ਅਤੇ ਰੌਲਾ ਪਾਇਆ। ਮੁੰਡੀਆਂ ਦੀ ਰਾਣੀ ਬਾਗ ਕਲੋਨੀ ਵਾਸੀ ਹਰਚਰਨ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੀ ਲੜਕੀ ਡੇਹਲੋਂ ’ਚ ਵਿਆਹੀ ਹੈ। ਹਰਚਰਨ ਕੌਰ ਘਰ ’ਚ ਇਕੱਲੀ ਰਹਿੰਦੀ ਹੈ। ਸਵੇਰੇ ਜਦੋਂ ਉਹ ਦੁੱਧ ਲੈਣ ਲਈ ਘਰੋਂ ਬਾਹਰ ਆਉਣ ਲੱਗੀ ਤਾਂ ਦੋ ਲੁਟੇਰਿਆਂ ਨੇ ਉਸਨੂੰ ਘਰ ਦੇ ਬਾਹਰ ਹੀ ਰੋਕ ਲਿਆ ਤੇ ਕੁੱਟਮਾਰ ਕੀਤੀ। ਚੌਂਕੀ ਮੁੰਡੀਆਂ ਕਲਾਂ ਦੇ ਇੰਚਾਰਜ ਏਐਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆ ਗਈ ਹੈ। ਆਸਪਾਸ ਦੇ ਸੀਸੀਟੀਵੀ ਕੈਮਰੇ ਵੀ ਚੈਕ ਕੀਤੇ ਜਾ ਰਹੇ ਹਨ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।